- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ’ਤੇ ਭਗਵੰਤ ਮਾਨ ਨੇ ਭੇਟ ਕੀਤੀ ਸ਼ਰਧਾਂਜਲੀ

- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ’ਤੇ ਭਗਵੰਤ ਮਾਨ ਨੇ ਭੇਟ ਕੀਤੀ ਸ਼ਰਧਾਂਜਲੀ
- ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਸਮਾਰਕਾਂ ’ਤੇ 25 ਕਰੋੜ ਦੇ ਕੰਮਾਂ ਦਾ ਕੀਤਾ ਉਦਘਾਟਨ
- ਸ਼ਹੀਦਾਂ ਦੇ ਇਤਿਹਾਸ ਨੂੰ 10-10 ਨੰਬਰਾਂ ਦੇ ਲੇਖ ਬਣਾ ਕੇ ਰੱਖ ਦਿੱਤਾ; ਭਗਵੰਤ ਸਿੰਘ ਮਾਨ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਹੁਸੈਨੀਵਾਲਾ (ਫਿਰੋਜ਼ਪੁਰ): ਸ਼ਹੀਦੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖੁਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਕਰਵਾਏ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਥੇ 25 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਦਹੀਆ, ਵਿਧਾਇਕ ਜਗਦੀਪ ‘ਗੋਲਡੀ’ ਕੰਬੋਜ, ਚੇਅਰਮੈਨ ਬੀਸੀ ਕਮਿਸ਼ਨ ਮਲਕੀਤ ਥਿੰਦ, ਪੰਜਾਬ ਐਗਰੋਂ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਸ਼ਹੀਦਾਂ ਦੀਆਂ ਸਮਾਧਾਂ 'ਤੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਮਹਾਨ ਸਪੂਤਾਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਕੀਤੀਆਂ ਕੁਰਬਾਨੀਆਂ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ ਪਰ ਅਫਸੋਸ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਮਹਾਨ ਇਤਿਹਾਸ ਨੂੰ ਸਿਰਫ਼ 10-10 ਨੰਬਰਾਂ ਦੇ ਲੇਖਾਂ ਤੱਕ ਸੀਮਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦਾਂ ਬਾਰੇ ਵਿਸਥਾਰ ਨਾਲ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ। ਮਾਨ ਨੇ ਦੱਸਿਆ ਕਿ ‘ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਮੋਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਦਿਆਂ ਉਥੇ ਸ਼ਹੀਦ ਦਾ ਵਿਸ਼ਾਲ ਬੁੱਤ ਲਗਵਾਇਆ ਤੇ ਹੁਣ ਹਲਵਾਰਾ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੀ ਸਹਿਮਤੀ ਬਣ ਚੁੱਕੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਬੁੱਤ ਪਾਕਿਸਤਾਨ ’ਚ ਵੀ ਲੱਗਣੇ ਚਾਹੀਦੇ ਹਨ ਕਿਉਂਕਿ ਉਹ ਵੰਡ ਤੋਂ ਪਹਿਲਾਂ ਦੇ ਸਾਂਝੇ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਕੇਂਦਰ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਕੁਝ ਲੋਕ ਅਜੇ ਵੀ ਸ਼ਹੀਦਾਂ ਨੂੰ ਸਹੀ ਮਾਣ-ਸਨਮਾਨ ਨਹੀਂ ਦੇ ਰਹੇ ਅਤੇ ਦੇਸ਼ ਭਗਤ ਆਖਣ ਦੀ ਥਾਂ ‘ਸਮਾਜਿਕ ਕਾਰਿਆ ਕਰਤਾ’ ਹੀ ਆਖਦੇ ਹਨ। ਸ਼ਹੀਦਾਂ ਦੀ ਨਿਰਸਵਾਰਥ ਸੇਵਾ ਬਾਰੇ ਗੱਲ ਕਰਦਿਆਂ ਇੱਕ ਪ੍ਰਭਾਵਸ਼ਾਲੀ ਕਹਾਣੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਰਾਜਾ ਆਪਣੀ ਪ੍ਰਸਿੱਧੀ ਲਈ ਖ਼ਜ਼ਾਨਾ ਵੰਡ ਰਿਹਾ ਸੀ, ਪਰ ਇੱਕ ਫਕੀਰ ਆਪਣੀ 'ਵਾਰੀ' ਵਾਰ-ਵਾਰ ਦੂਜਿਆਂ ਨੂੰ ਦੇ ਕੇ ਰਾਜੇ ਤੋਂ ਵੀ ਵੱਡਾ ਬਣ ਗਿਆ। ਫਕੀਰ ਨੇ ਰਾਜੇ ਨੂੰ ਸਮਝਾਇਆ ਕਿ ਖ਼ਜ਼ਾਨਾ ਤਾਂ ਮੁੱਕ ਸਕਦਾ ਹੈ, ਪਰ ਲੋਕਾਂ ਦੇ ਦਿਲਾਂ ’ਚ ਵੱਸਣ ਲਈ ਆਪਣੀਆਂ 'ਵਾਰੀਆਂ' (ਸੁਖ-ਸਹੂਲਤਾਂ) ਲੋਕਾਂ ਲੇਖੇ ਲਾਉਣੀਆਂ ਪੈਂਦੀਆਂ ਹਨ। ਸਾਡੇ ਸ਼ਹੀਦਾਂ ਨੇ ਵੀ ਆਪਣੀਆਂ ਜਿਊਣ ਦੀਆਂ ਵਾਰੀਆਂ ਸਾਡੇ ਲਈ ਤਿਆਗ ਦਿੱਤੀਆਂ, ਇਸੇ ਲਈ ਅੱਜ ਉਨ੍ਹਾਂ ਦੀਆਂ ਯਾਦਗਾਰਾਂ 'ਤੇ ਮੇਲੇ ਲੱਗਦੇ ਹਨ, ਜਦੋਂਕਿ ਜ਼ੁਲਮ ਕਰਨ ਵਾਲੇ ਇਤਿਹਾਸ ਦੇ ਹਨੇਰਿਆਂ ’ਚ ਗੁਆਚ ਗਏ ਹਨ।