ਗੁਪਤ ਸੂਚਨਾ ਦੇ ਆਧਾਰ ’ਤੇ 3 ਬਿਨ੍ਹਾ ਲਾਇਸੈਂਸ ਗੋਦਾਮਾਂ ’ਤੇ ਛਾਪੇਮਾਰੀ
ਗੁਪਤ ਸੂਚਨਾ ਦੇ ਆਧਾਰ ’ਤੇ 3 ਬਿਨ੍ਹਾ ਲਾਇਸੈਂਸ ਗੋਦਾਮਾਂ ’ਤੇ ਛਾਪੇ, ਪ੍ਰੈਗਾਬਾਲਿਨ ਤੇ ਟੈਪੈਂਟਾਡੋਲ ਦੀ ਵੱਡੀ ਮਾਤਰਾ ਬਰਾਮਦ
Publish Date: Sun, 04 Jan 2026 05:17 PM (IST)
Updated Date: Sun, 04 Jan 2026 05:20 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : 3 ਜਨਵਰੀ ਦੀ ਦੇਰ ਰਾਤ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਡਰੱਗਜ਼ ਕੰਟਰੋਲ ਅਫ਼ਸਰ ਫ਼ਿਰੋਜ਼ਪੁਰ ਸੋਨੀਆ ਗੁਪਤਾ, ਡਰੱਗਜ਼ ਕੰਟਰੋਲ ਅਫ਼ਸਰ ਫ਼ਰੀਦਕੋਟ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਪ੍ਰਿਆ ਰਾਣੀ ਅਤੇ ਫ਼ਿਰੋਜ਼ਪੁਰ ਸਿਟੀ ਪੁਲਿਸ ਟੀਮ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਇਲਾਕੇ ਕ੍ਰਿਸ਼ਨਾ ਨਗਰੀ ਅਤੇ ਮੁਹੱਲਾ ਬਾਵਿਆਂ ਵਾਲਾ ਵਿਚ ਸਥਿਤ 3 ਬਿਨਾਂ ਲਾਇਸੈਂਸ ਗੋਦਾਮਾਂ ਦੀ ਜਾਂਚ ਕੀਤੀ ਗਈ। ਡਰੱਗਜ਼ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਸ਼ੱਕ ਦੇ ਆਧਾਰ ’ਤੇ ਕੁੱਲ 11 ਨਮੂਨੇ ਟੈਸਟ ਅਤੇ ਜਾਂਚ ਲਈ ਭੇਜੇ ਗਏ ਹਨ। ਇਸ ਕਾਰਵਾਈ ਦੌਰਾਨ ਪ੍ਰੈਗਾਬਾਲਿਨ ਅਤੇ ਟੈਪੈਂਟਾਡੋਲ ਦਵਾਈਆਂ ਨੂੰ ਵੱਡੀ ਮਾਤਰਾ ਵਿਚ ਬਰਾਮਦ ਕਰਕੇ ਜ਼ਬਤ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1,41,900 ਗੋਲੀਆਂ (ਟੈਬਲੈਟਸ), 3,64,230 ਕੈਪਸੂਲ, 140 ਕਿਟਾਂ ਬਰਾਮਦ ਕੀਤੀਆਂ ਗਈਆਂ। ਬਰਾਮਦ ਦਵਾਈਆਂ ਦੀ ਕੁੱਲ ਕੀਮਤ ਲਗਭਗ 1,22,87,030 ਰੁਪਏ ਅੰਕਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਕਿ ਨਸ਼ੀਲੀ ਅਤੇ ਨਿਯੰਤਰਿਤ ਦਵਾਈਆਂ ਦੀ ਗੈਰਕਾਨੂੰਨੀ ਸਟੋਰੇਜ ਅਤੇ ਵਿਕਰੀ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਅੱਗੇ ਵੀ ਸਖ਼ਤੀ ਨਾਲ ਜਾਰੀ ਰਹਿਣਗੀਆਂ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।