ਕਾਲੇ ਮੋਤੀਏ ਨਾਲ ਜਾ ਸਕਦੀ ਅੱਖਾਂ ਦੀ ਰੋਸ਼ਨੀ : ਡਾ. ਰੇਖਾ ਭੱਟੀ
ਵਿਸ਼ਵ ਗਲੋਕੋਮਾ ਹਫ਼ਤਾ ਤਹਿਤ ਲਗਾਏ ਗਏ ਜਾਗਰੂਕਤਾ ਸੈਮੀਨਾਰ
Publish Date: Fri, 13 Mar 2026 05:45 PM (IST)
Updated Date: Fri, 13 Mar 2026 05:48 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ ਰੇਖਾ ਭੱਟੀ ਦੀ ਅਗਵਾਈ ਵਿਚ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਵਿਖੇ ਕਾਲਾ ਮੋਤੀਆ ਹਫਤਾ ਪ੍ਰੋਗਰਾਮ ਤਹਿਤ ਬਲਾਕ ਦੇ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਡਾ. ਰੇਖਾ ਭੱਟੀ ਨੇ ਕਿਹਾ ਕਿ ਕਾਲਾ ਮੋਤੀਆ ਨਾਲ ਇਕਦਮ ਕਿਸੇ ਵੀ ਮਨੁੱਖ ਦੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਅਤੇ ਜੇਕਰ ਮਨੁੱਖ ਨੂੰ ਇਨ੍ਹਾਂ ਗੰਭੀਰ ਬੀਮਾਰੀਆਂ ਤੋ ਨਿਜਾਤ ਪਾਉਣੀ ਹੈ ਤਾਂ ਸਮੇਂ ਤੇ ਅੱਖਾਂ ਦਾ ਚੈਕ ਅੱਪ ਕਰਵਾਇਆ ਜਾਵੇ । ਇਸ ਮੌਕੇ ਅਪਥਾਲਮਿਕ ਅਫ਼ਸਰ ਆਸ਼ੂ ਸ਼ਰਮਾ ਵੱਲੋਂ ਕਾਲਾ ਮੋਤੀਆ ਦੇ ਲੱਛਣ, ਸਾਵਧਾਨੀਆਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਗਰੂਕ ਕਰਦਿਆਂ ਉਨਾਂ ਨੇ ਦੱਸਿਆ ਆਸਧਾਰਣ ਸਿਰ ਦਰਦ ਜਾਂ ਅੱਖਾਂ ਦਾ ਦਰਦ, ਪੜਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਰੋਸ਼ਨੀ ਦੇ ਆਲੇ ਦਵਾਲੇ ਚੱਕਰ ਨਜ਼ਰ ਆਉਣਾ, ਅੱਖਾਂ ਦੇ ਵਿੱਚ ਲਾਲੀ ਅਤੇ ਦਰਦ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਲੱਛਣਾਂ ਦੇ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਆਪਣੀਆ ਅੱਖਾਂ ਦਾ ਪ੍ਰੈਸ਼ਰ ਚੈਕ ਕਰਾਉਣ ਲਈ ਜ਼ਰੂਰ ਆਉਣ। ਇਸ ਮੌਕੇ ਅਮਨ ਕੰਬੋਜ਼ ਬੀਈਈ ਨੇ ਲੋਕਾਂ ਨੂੰ ਕਾਲਾ ਮੋਤੀਆ ਬਿਮਾਰੀ ਸਬੰਧੀ ਜਾਗਰੂਕ ਕਰਦੇ ਕਿਹਾ ਕਿ ਦੇਸ਼ ਵਿਚ ਹਰੇਕ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਕਾਰਣ ਅਨ੍ਹੇਪਣ ਦਾ ਸ਼ਿਕਾਰ ਹੋ ਰਹੇ ਸਨ, ਜਿਸ ਕਰਕੇ ਹਰੇਕ ਮਨੁੱਖ ਨੂੰ ਆਪਣੀਆਂ ਅੱਖਾਂ ਦਾਨ ਕਰਨ ਦਾ ਫਾਰਮ ਭਰਨਾ ਚਾਹੀਦਾ ਤਾਂ ਜੋ ਮ੍ਰਿਤਕ ਸਰੀਰ ਵਿਚੋਂ ਅੱਖਾਂ ਕੱਢ ਕੇ ਕਿਸੇ ਦੂਸਰੇ ਨੂੰ ਕੁਦਰਤ ਦੇ ਰੰਗ ਦੇਖਣ ਦਾ ਮੌਕਾ ਮਿਲ ਸਕੇ । ਉਨਾਂ ਨੇ ਅੱਗੇ ਕਿਹਾ ਕਿ ਅੱਖਾਂ ਵਿਚ ਕਾਲਾ ਮੋਤੀਆ ਇਕ ਘਾਤਕ ਬਿਮਾਰੀ ਵਜੋਂ ਸਾਹਮਣੇ ਆਈ ਹੈ ਇਸ ਲਈ ਨਿਯਮਿਤ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ।ਇਸ ਮੌਕੇ ਸਮੂਹ ਸਟਾਫ਼ ਵੀ ਹਾਜ਼ਰ ਰਿਹਾ ।