ਦਿਨ ’ਚ ਦੋ ਵਾਰ ਬੁਰਸ਼ ਜ਼ਰੂਰ ਕਰੋ : ਡਾ. ਗੁਰਪ੍ਰੀਤ
ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ:ਡਾ. ਗੁਰਪ੍ਰੀਤ
Publish Date: Fri, 20 Mar 2026 03:27 PM (IST)
Updated Date: Fri, 20 Mar 2026 03:31 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਅਤੇ ਡਾ. ਪੰਕਜ ਗੁਪਤਾ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਕਰਨਵੀਰ ਕੌਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਵਿਸ਼ਵ ਓਰਲ ਹੈੱਲਥ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗੁਰਪ੍ਰੀਤ ਕੰਬੋਜ਼ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਨ ਸੀਐੱਚਸੀ ਗੁਰੂਹਰਸਹਾਏ ਨੇ ਕਿਹਾ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਹੈੱਲਥ ਡੇਅ ਮਨਾਇਆ ਜਾਂਦਾ ਹੈ। ਸਾਡੇ ਮੂੰਹ ਦੀ ਸਿਹਤ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਮੂੰਹ ਰਾਹੀਂ ਸਾਡੇ ਸਰੀਰ ਤੱਕ ਪਹੁੰਚਦਾ ਹੈ। ਅਜਿਹੇ ’ਚ ਜੇਕਰ ਕਿਸੇ ਕਾਰਨ ਸਾਡੇ ਮੂੰਹ ’ਚ ਕੋਈ ਇਨਫੈਕਸ਼ਨ ਜਾਂ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਡੇ ਮੂੰਹ ਰਾਹੀਂ ਸਰੀਰ ’ਚ ਦਾਖਲ ਹੋਣ ਵਾਲਾ ਭੋਜਨ ਵੀ ਦੂਸ਼ਿਤ ਹੋ ਸਕਦਾ ਹੈ। ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਕੁਝ ਚੰਗੀਆਂ ਆਦਤਾਂ ਨੂੰ ਅਪਨਾਉਣਾ ਅਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਦਿਨ ਵਿਚ ਘੱਟੋ-ਘੱਟ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰੋ, ਹਫ਼ਤੇ ਵਿਚ 1-2 ਵਾਰ ਫਲਾਸਿੰਗ ਕਰੋ, ਮਸੂੜਿਆਂ ਦੀ ਨਿਯਮਤ ਮਾਲਿਸ਼ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ੂਗਰ ਅਤੇ ਪ੍ਰੋਸੈਸਡ ਭੋਜਨ ਤੋਂ ਦੂਰ ਰਹੋ, ਭੋਜਨ ਨੂੰ ਚੰਗੀ ਤਰ੍ਹਾਂ ਚਬਾਓ। ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਮੂੰਹ ਚ ਜ਼ਰੂਰੀ ਐਨਜ਼ਾਈਮਜ਼ ਸਹੀ ਢੰਗ ਨਾਲ ਨਿਕਲਦੇ ਹਨ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਚ ਬਹੁਤ ਫਾਇਦੇਮੰਦ ਹੁੰਦਾ ਹੈ ਪਾਨ ਮਸਾਲਾ, ਤੰਬਾਕੂ ਅਤੇ ਗੁਟਖਾ, ਸ਼ਰਾਬ ਆਦਿ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਬਚੋ। ਇਹ ਜਾਗਰੂਕਤਾ ਸੈਮੀਨਾਰ ਆਂਗਨਵਾੜੀ ਸੈਂਟਰ ਬਸਤੀ ਟਿੱਬੇ ਵਾਲੀ ਵਿਖੇ ਕਰਵਾਇਆ ਗਿਆ, ਜਿੱਥੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਟੂਥ ਪੇਸਟ, ਬੁਰਸ਼ ਵੀ ਵੰਡੇ ਗਏ।