ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਸਬੰਧੀ ਕੀਤਾ ਜਾਗਰੂਕਤਾ
ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਸਬੰਧੀ ਜਾਗਰੂਕਤਾ ਮੁਹਿੰਮ
Publish Date: Wed, 25 Feb 2026 04:13 PM (IST)
Updated Date: Wed, 25 Feb 2026 04:16 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲ ਯਾਤਰੀਆਂ ਦੀ ਸਹੂਲਤ ਅਤੇ ਦੇਸ਼ ਵਿਚ ਡਿਜੀਟਲ ਟਿਕਟਿੰਗ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਬਾਰੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ। ਜਾਗਰੂਕਤਾ ਅਭਿਆਨ ਦੌਰਾਨ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਨਰ ਅਤੇ ਸਟੈਂਡੀਜ਼ ਲਗਾ ਕੇ ਯਾਤਰੀਆਂ ਨੂੰ ਇਸ ਆਧੁਨਿਕ ਐਪ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਰੇਲਵੇ ਅਧਿਕਾਰੀਆਂ ਦੀ ਮੌਜ਼ੂਦਗੀ ਵਿਚ ਲਗਭਗ 200 ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਮੌਕੇ ’ਤੇ ਹੀ ਇੰਸਟਾਲ ਕਰਵਾਈ ਗਈ। ਯਾਤਰੀਆਂ ਨੂੰ ਦੱਸਿਆ ਗਿਆ ਕਿ ਇਸ ਐਪ ਦੀ ਵਰਤੋਂ ਕਰਨ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਜਿਵੇਂ ਕਿ ਐਪ ਰਾਹੀਂ ਟਿਕਟ ਖਰੀਦਣ ’ਤੇ ਯਾਤਰੀਆਂ ਨੂੰ 3 ਪ੍ਰਤੀਸ਼ਤ ਬੋਨਸ ਮਿਲਦਾ ਹੈ। ਟਿਕਟ ਕਾਊਂਟਰਾਂ ’ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਵਿਚ ਖੜ੍ਹਨ ਦੀ ਹੁਣ ਕੋਈ ਲੋੜ ਨਹੀਂ ਪਵੇਗੀ। ਸਾਰੀ ਅਦਾਇਗੀ ਆਨਲਾਈਨ ਹੋਣ ਕਾਰਨ ਖੁੱਲ੍ਹੇ ਪੈਸਿਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਇਹ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਹੈ। ਇਸ ਮੁਹਿੰਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਟੇਸ਼ਨ ਦੇ ਪਾਰਕਿੰਗ ਖੇਤਰ ਅਤੇ ਕੈਟਰਿੰਗ ਟਰਾਲ਼ੀਆਂ ’ਤੇ ਵੀ ਵਿਸ਼ੇਸ਼ ਬੈਨਰ ਅਤੇ ਸਟਿੱਕਰ ਲਗਾਏ ਗਏ ਹਨ ਤਾਂ ਜੋ ਹਰ ਆਉਣ-ਜਾਣ ਵਾਲੇ ਯਾਤਰੀ ਦੀ ਨਜ਼ਰ ਇਸ ’ਤੇ ਪੈ ਸਕੇ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯਾਤਰਾ ਨੂੰ ਸੁਖਾਲਾ ਅਤੇ ਡਿਜੀਟਲ ਬਣਾਉਣ ਲਈ ‘ਰੇਲ ਵਨ ਐਪ’ ਦੀ ਵੱਧ ਤੋਂ ਵੱਧ ਵਰਤੋਂ ਕਰਨ।