ਨੌਜਵਾਨ ਵਰਗ ਨਸ਼ਿਆਂ ਤੋਂ ਰਹੇ ਦੂਰ ਤੇ ਹੋਰਨਾਂ ਨੂੰ ਵੀ ਕਰੇ ਪ੍ਰੇਰਿਤ : ਐੱਸਐੱਸਪੀ ਸਿੱਧੂ
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ ‘ਔਥ ਸੈਰਮਣੀ’ ਦਾ ਆਯੋਜਨ
Publish Date: Fri, 27 Feb 2026 03:31 PM (IST)
Updated Date: Fri, 27 Feb 2026 03:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਸੋਢੇਵਾਲਾ, ਫਿਰੋਜ਼ਪੁਰ ਵਿਖੇ ਬੜੇ ਹੀ ਉਤਸ਼ਾਹ ਨਾਲ ‘ਔਥ ਸੈਰਮਣੀ’ (ਸਹੁੰ ਚੁੱਕ ਸਮਾਗਮ) ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪਹੁੰਚਣ ’ਤੇ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ), ਯੁਗੇਸ਼ ਬਾਂਸਲ, ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਵਿਦਿਆਰਥੀਆਂ (ਏਐੱਨਐੱਮ, ਜੀਐੱਨਐੱਮ, ਬੀ. ਐੱਸਸੀ (ਐੱਨ) ਅਤੇ ਪੋਸਟ ਬੇਸਿਕ ਬੀ. ਐੱਸਸੀ(ਐੱਨ) ਨੂੰ ਨਰਸਿੰਗ ਦੇ ਕਿੱਤੇ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ ਗਈ। ਪ੍ਰਿੰਸੀਪਲ ਸੁਖਦੀਪ ਕੌਰ ਨੇ ਮੁੱਖ ਮਹਿਮਾਨ ਜੀ ਦਾ ਕਾਲਜ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਬਾਰੇ ਦੱਸਿਆ ਗਿਆ। ਆਪਣੇ ਵਿਚਾਰ ਸਾਂਝੇ ਕਰਦਿਆਂ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਵੀ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਇਕ ਅਜਿਹਾ ਨੋਬਲ ਪ੍ਰੋਫੈਸ਼ਨ ਹੈ, ਜਿਸ ਰਾਹੀਂ ਤੁਸੀਂ ਲੋਕਾਂ ਨੂੰ ਨਸ਼ਿਆਂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਬਿਹਤਰ ਢੰਗ ਨਾਲ ਸਮਝਾ ਸਕਦੇ ਹੋ। ਉਨ੍ਹਾਂ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਹੋਣ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਅਸੀਂ ਸ਼ਹੀਦਾਂ ਦੇ ਨਾਮ ਨੂੰ ਅਮਰ ਰੱਖ ਸਕਦੇ ਹਾਂ। ਧਰਮਪਾਲ ਬਾਂਸਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਰਸਿੰਗ ਖੇਤਰ ਵਿਚ ਤੁਸੀਂ ਲੋਕਾਂ ਦੀ ਸੇਵਾ ਦੇ ਨਾਲ-ਨਾਲ ਉਨ੍ਹਾਂ ਦੀਆਂ ਦੁਆਵਾਂ ਵੀ ਲੈ ਸਕਦੇ ਹੋ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਭੁਪਿੰਦਰ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਜਿਸ ਵਿਚ ਡਾ. ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਰਬਿਕਾ, ਸੰਗੀਤਾ ਹਾਂਡਾ, ਗੁਰਮੀਤ ਕੌਰ, ਖੁਸ਼ਪਾਲ ਕੌਰ, ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਪੂਨਮ, ਪੂਜਾ, ਅਮਨਦੀਪ ਕੌਰ, ਕੋਮਲਜੀਤ ਕੌਰ, ਮਮਤਾ, ਅਮਨਦੀਪ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਆਂਚਲ ਆਦਿ ਹਾਜ਼ਰ ਸਨ।