ਜਥੇਬੰਦੀ ਦੇ ਦਬਾਅ ਕਾਰਨ ਕਬਜ਼ੇ ਲਈ ਨਹੀਂ ਪਹੁੰਚਿਆ ਪ੍ਰਸ਼ਾਸਨ
ਧੋਖੇ ਨਾਲ ਬਿਆਨੇ ਕਰਵਾ ਕੇ ਕਿਸਾਨ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼
Publish Date: Fri, 06 Feb 2026 04:38 PM (IST)
Updated Date: Fri, 06 Feb 2026 04:41 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮਮਦੋਟ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਦੀ ਅਗਵਾਈ ਹੇਠ ਪਿੰਡ ਨਿਆਜੀਆ ਵਿਖੇ ਪ੍ਰਸ਼ਾਸਨ ਵੱਲੋਂ ਕਿਸਾਨ ਦੀ ਚਾਰ ਕਿੱਲੇ ਜ਼ਮੀਨ ਵਾਹੁਣ ਲਈ ਆਉਣਾ ਸੀ। ਪਰ ਕਿਸਾਨ ਜਥੇਬੰਦੀ ਦੇ ਭਾਰੀ ਦਬਾਅ ਅਤੇ ਵਿਰੋਧ ਕਾਰਨ ਪ੍ਰਸ਼ਾਸਨ ਮੌਕੇ ’ਤੇ ਨਹੀਂ ਪਹੁੰਚ ਸਕਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੰਧੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿੱਬੀ ਦੇ ਇੱਕ ਆੜਤੀਏ ਨੇ ਨਿਆਜੀਆ ਪਿੰਡ ਦੇ ਨੰਬਰਦਾਰ ਕਿਸਾਨ ਕਸ਼ਮੀਰ ਸਿੰਘ ਤੋਂ ਜ਼ਮੀਨ ਖਰੀਦਣ ਲਈ ਗਵਾਹੀ ਪਵਾਈ ਸੀ। ਆੜਤੀਏ ਨੇ ਧੋਖੇ ਨਾਲ ਰਜਿਸਟਰੀ ਦੇ ਕਾਗਜ਼ਾਂ ਵਿਚ ਕਸ਼ਮੀਰ ਸਿੰਘ ਦੀ ਆਪਣੀ ਜ਼ਮੀਨ ਦੇ ਬਿਆਨੇ ਦੇ ਕਾਗਜ਼ ਰੱਖ ਕੇ ਉਸ ਦੇ ਹਸਤਾਖਰ ਕਰਵਾ ਲਏ। ਇਹ ਕਿਸਾਨ ਨਾਲ ਸਿੱਧੀ 420 (ਧੋਖਾਧੜੀ) ਕੀਤੀ ਗਈ ਹੈ, ਪਰ ਪ੍ਰਸ਼ਾਸਨ ਨੇ ਅਜੇ ਤੱਕ ਆੜਤੀਏ ’ਤੇ ਕੋਈ ਪਰਚਾ ਦਰਜ ਨਹੀਂ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਫਿਰੋਜ਼ਪੁਰ ਦੀਆਂ ਅਦਾਲਤਾਂ ਨੇ ਵੀ ਇਸ ਗਲਤ ਅਤੇ ਝੂਠੇ ਬਿਆਨੇ ਨੂੰ ਸਹੀ ਮੰਨ ਕੇ ਗਲਤ ਫੈਸਲਾ ਸੁਣਾਇਆ ਹੈ। ਕਿਸਾਨ ਦੀ ਚਾਰ ਏਕੜ ਜ਼ਮੀਨ ਦਫਤਰਾਂ ਵਿਚ ਹੀ ਕੁਰਕ ਕਰ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਉੱਪਰੀ ਨਜ਼ਰ ਤੋਂ ਇਹ ਮਸਲਾ ਸਿਰਫ ਚਾਰ ਕਿੱਲਿਆਂ ਦਾ ਲੱਗਦਾ ਹੈ, ਪਰ ਅਸਲ ਵਿਚ ਇਹ ਲੁਟੇਰੀ ਜਮਾਤ ਅਤੇ ਰਾਜ ਤੰਤਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਜਗਤ ਨੂੰ ਦੇਣ ਦੀ ਇਕ ਵੱਡੀ ਸਾਜ਼ਿਸ਼ ਅਤੇ ’ਪ੍ਰੈਕਟਿਸ’ ਹੈ। ਇਸ ਤਜਰਬੇ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ’ਤੇ ਲਾਗੂ ਕਰਨ ਦੀ ਤਿਆਰੀ ਹੈ। ਜਥੇਬੰਦੀ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਹੈ ਕਿ ਫੈਸਲਾ ਸੁਪਰੀਮ ਕੋਰਟ ਦਾ ਹੈ ਅਤੇ ਇਹ ਬਦਲਿਆ ਨਹੀਂ ਜਾ ਸਕਦਾ। ਕਿਸਾਨ ਆਗੂਆਂ ਨੇ ਜਵਾਬ ਦਿੱਤਾ ਕਿ ਜੇਕਰ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਪਾਰਲੀਮੈਂਟ ਵਿੱਚ ਪਾਸ ਕੀਤੇ ਕਾਨੂੰਨ ਵਾਪਸ ਕਰਵਾ ਸਕਦੀਆਂ ਹਨ, ਤਾਂ ਇਕ ਜੱਜ ਦਾ ਗਲਤ ਫੈਸਲਾ ਕਿਉਂ ਨਹੀਂ ਬਦਲਿਆ ਜਾ ਸਕਦਾ? ਭਾਵੇਂ ਸੁਪਰੀਮ ਕੋਰਟ ਨੇ ਵੀ ਫਿਰੋਜ਼ਪੁਰ ਦੀ ਲੋਅਰ ਕੋਰਟ ਵਾਂਗ ਉਸੇ ਜਾਲੀ ਬਿਆਨੇ ਨੂੰ ਸਹੀ ਮੰਨਿਆ ਹੈ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸਟੈਂਡ ਸਪੱਸ਼ਟ ਹੈ ਕਿ ਕਿਸਾਨ ਕਸ਼ਮੀਰ ਸਿੰਘ ਦੀ ਜ਼ਮੀਨ ’ਤੇ ਕਿਸੇ ਨੂੰ ਵੀ ਧੱਕੇ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਜੋਨ ਮਮਦੋਟ ਦੇ ਖਜ਼ਾਨਚੀ ਗੁਰਦਿਆਲ ਸਿੰਘ ਟਿੱਬੀ, ਸੁਖਦੇਵ ਸਿੰਘ ਸੈਦੇ ਕੇ, ਨੋਲ ਉਤਮ ਸਿੰਘ ਲੱਖਾ ਹਾਜੀ, ਰੂੜ ਚੰਦ ਬੇਟੂ ਕਦੀਮ, ਪਿੱਪਲ ਸਿੰਘ ਸਵਾਈ ਕੇ, ਫੁੰਮਣ ਸਿੰਘ ਰਾਉਕੇ, ਗੁਰਭੇਜ ਸਿੰਘ ਕਿਲੀ, ਡਾ. ਸ਼ਬੇਗ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਹਾਜ਼ਰ ਸਨ।