ਘਰ ’ਚ ਜਣੇਪਾ ਕਰਵਾਉਣ ਦੀ ਕੋਸ਼ਿਸ਼ ਨਾਕਾਮ, ਸਰਕਾਰੀ ਹਸਪਤਾਲ ਨੇ ਮਾਂ-ਬੱਚੇ ਦੀ ਬਚਾਈ ਜਾਨ
ਮਮਦੋਟ ’ਚ ਘਰ ਵਿਚ ਜਣੇਪਾ ਕਰਾਉਣ ਦੀ ਕੋਸ਼ਿਸ਼ ਨਾਕਾਮ, ਮਾਂ-ਬੱਚੇ ਦੀ ਬਚਾਈ ਜਾਨ
Publish Date: Wed, 28 Jan 2026 03:27 PM (IST)
Updated Date: Wed, 28 Jan 2026 03:31 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਿਹਤ ਵਿਭਾਗ ਮਮਦੋਟ ਦੀ ਚੌਕਸੀ ਦੇ ਚੱਲਦਿਆਂ ਇਕ ਗੈਰ-ਸਿੱਖਿਅਤ ਆਰਐੱਮਪੀ ਅਤੇ ਦਾਈ ਵੱਲੋਂ ਘਰੇ ਹੀ ਜਣੇਪਾ ਕਰਵਾਉਣ ਦੀ ਕੋਸ਼ਿਸ਼ ਨੂੰ ਰੋਕ ਕੇ ਸਰਕਾਰੀ ਹਸਪਤਾਲ ਮਮਦੋਟ ਵਿਖੇ ਮਾਹਿਰ ਡਾਕਟਰਾਂ ਅਤੇ ਟਰੇਨਡ ਸਟਾਫ਼ ਦੀ ਨਿਗਰਾਨੀ ਹੇਠ ਸੁਰੱਖਿਅਤ ਜਣੇਪਾ ਕਰਵਾ ਕੇ ਦੋ ਕੀਮਤੀ ਜਾਨਾਂ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੱਖੋਕੇ ਬਹਿਰਾਮ ਅਧੀਨ ਪੈਂਦੇ ਇੱਟਾਂ ਦੇ ਭੱਠੇ ’ਤੇ ਰੂਬੀ ਪਤਨੀ ਪ੍ਰੇਮ ਦੀ ਇਕ ਗੈਰ-ਸਿੱਖਿਅਤ ਆਰਐੱਮਪੀ ਅਤੇ ਦਾਈ ਵੱਲੋਂ ਘਰੇ ਹੀ ਜਣੇਪਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਵੇਂ ਹੀ ਇਸਦੀ ਸੂਚਨਾ ਸਿਹਤ ਵਿਭਾਗ ਨੂੰ ਮਿਲੀ, ਵਿਭਾਗ ਨੇ ਤੁਰੰਤ ਹਰਕਤ ’ਚ ਆਉਂਦਿਆਂ ਕਮਿਊਨਿਟੀ ਹੈੱਲਥ ਅਫ਼ਸਰ ਰਵਿੰਦਰ ਕੌਰ, ਐੱਮਪੀਐੱਚਡਬਲਯੂ (ਫ਼ੀਮੇਲ) ਰਵਿੰਦਰ ਕੌਰ ਅਤੇ ਬਲਜੀਤ ਕੌਰ ਨੂੰ ਮੌਕੇ ’ਤੇ ਭੇਜਿਆ। ਟੀਮ ਨੇ ਮੌਕੇ ’ਤੇ ਪਹੁੰਚ ਕੇ ਗਰਭਵਤੀ ਔਰਤ ਨੂੰ ਐਂਬੂਲੈਂਸ ਰਾਹੀਂ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਪਹੁੰਚਾਇਆ, ਜਿੱਥੇ ਟਰੇਨਡ ਡਾਕਟਰਾਂ ਅਤੇ ਸਟਾਫ਼ ਦੀ ਮੈਡੀਕਲ ਨਿਗਰਾਨੀ ਹੇਠ ਸੁਰੱਖਿਅਤ ਜਣੇਪਾ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਖਾ ਭੱਟੀ ਨੇ ਦੱਸਿਆ ਕਿ ਗੈਰ-ਸਿੱਖਿਅਤ ਆਰਐੱਮਪੀ ਤੇ ਦਾਈ ਨੂੰ ਘਰੇਲੂ ਜਣੇਪੇ ਕਰਵਾਉਣ ’ਤੇ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਦੇ ਵੀ ਗੈਰ-ਸਿੱਖਿਅਤ ਆਰਐੱਮਪੀ ਜਾਂ ਦਾਈ ਤੋਂ ਜਣੇਪਾ ਨਾ ਕਰਵਾਇਆ ਜਾਵੇ। ਅਜਿਹਾ ਕਰਨਾ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ।