ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਮੁੱਖ ਮੰਤਰੀ ਮਾਨ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ, ਦਿੱਤੀਆਂ ਗਾਰੰਟੀਆਂ ਲਾਗੂ ਕਰਨ ਦੀ ਮੰਗ
Publish Date: Mon, 16 Mar 2026 03:14 PM (IST)
Updated Date: Mon, 16 Mar 2026 03:16 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਤੇ ਜਨਰਲ ਸਕੱਤਰ ਸਿੰਦਰਪਾਲ ਕੌਰ ਬਾਲਿਆਂਵਾਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਕ ਵਿਸਥਾਰ ਪੂਰਵਕ ਮੰਗ ਪੱਤਰ ਭੇਜਿਆ ਗਿਆ ਹੈ। ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਤੁਰੰਤ ਅਮਲੀ ਰੂਪ ਦਿੱਤਾ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕੰਮ ਨੂੰ ਘਰ-ਘਰ ਪਹੁੰਚਾਉਣ ਵਾਲੀਆਂ ਇਹ ਵਰਕਰਾਂ ਅੱਤ ਦੀ ਮਹਿੰਗਾਈ ਵਿਚ ਸਿਰਫ਼ 2,500 ਰੁਪਏ ਮਹੀਨਾ ਮਾਣ-ਭੱਤੇ ’ਤੇ ਕੰਮ ਕਰਨ ਲਈ ਮਜਬੂਰ ਹਨ। ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਿੰਨੀਮਮ ਵੇਜ਼ ਅਨੁਸਾਰ 24,000 ਰੁਪਏ ਤਨਖਾਹ ਦਿੱਤੀ ਜਾਵੇ ਅਤੇ ਦਰਜਾ ਚਾਰ ਦਾ ਗ੍ਰੇਡ ਦਿੱਤਾ ਜਾਵੇ। ਆਨਰੇਰੀਅਮ ਨੂੰ ਦੁੱਗਣਾ ਕੀਤਾ ਜਾਵੇ ਅਤੇ ਹਰਿਆਣਾ ਪੈਟਰਨ ਲਾਗੂ ਕਰਦਿਆਂ ਸਾਲਾਨਾ ਇੰਕਰੀਮੈਂਟ ਦਿੱਤਾ ਜਾਵੇ। ਭਾਰਤ ਸਰਕਾਰ ਵੱਲੋਂ ਜੱਚਾ-ਬੱਚਾ ਦੀ ਦੇਖਭਾਲ ਦੇ ਕੱਟੇ ਗਏ ਇਨਸੈਂਟਿਵ ਤੁਰੰਤ ਬਹਾਲ ਕਰਵਾਉਣ ਲਈ ਪੰਜਾਬ ਸਰਕਾਰ ਕੇਂਦਰ ਨੂੰ ਸਿਫਾਰਸ਼ ਕਰੇ। ਸੇਵਾ ਮੁਕਤੀ ਸਮੇਂ ਆਂਗਨਵਾੜੀ ਵਰਕਰਾਂ ਦੀ ਤਰਜ਼ ’ਤੇ ਘੱਟੋ-ਘੱਟ 5 ਲੱਖ ਰੁਪਏ ਰਲੀਫ ਫੰਡ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। 5 ਸਾਲ ਦੀ ਸਰਵਿਸ ਪੂਰੀ ਕਰਨ ਵਾਲੀਆਂ ਫੈਸਿਲੀਟੇਟਰਾਂ ਨੂੰ ਵਾਰਡ ਅਟੈਂਡੈਂਟ ਅਤੇ ਯੋਗ ਆਸ਼ਾ ਵਰਕਰਾਂ ਨੂੰ ਏਐੱਨਐੱਮ ਵਜੋਂ ਪ੍ਰਮੋਟ ਕੀਤਾ ਜਾਵੇ। ਕੰਮ ਕਰਨ ਲਈ ਸਮਾਰਟ ਫੋਨ/ਟੈਬਲੇਟ ਦਿੱਤੇ ਜਾਣ ਅਤੇ ਹਸਪਤਾਲਾਂ (ਸੀਐੱਚਸੀ/ਪੀਐੱਚਸੀ) ਵਿਚ ਬੈਠਣ ਲਈ ਵੱਖਰੇ ਕਮਰੇ ਮੁਹੱਈਆ ਕਰਵਾਏ ਜਾਣ। ਜਥੇਬੰਦੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਲੰਧਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿਚ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਾਲੇ ਤੱਕ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਵਰਕਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੌਤ ਦਰ ਅਤੇ ਸਿਹਤ ਸੇਵਾਵਾਂ ’ਤੇ ਬੁਰਾ ਅਸਰ ਪੈ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਯੂਨੀਅਨ ਦੀ ਸਟੇਟ ਕਮੇਟੀ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਮਸਲਿਆਂ ਦਾ ਸਥਾਈ ਹੱਲ ਨਿਕਲ ਸਕੇ। ਇਸ ਮੌਕੇ ਆਂਗਨਵਾੜੀ ਵਰਕਰਾਂ ਤੋਂ ਇਲਾਵਾ ਹੈਲਪਰਾਂ ਵੀ ਹਾਜ਼ਰ ਸਨ।