ਸਰਕਾਰੀ ਆਈਟੀਆਈ ਫਿਰੋਜ਼ਪੁਰ ਵਿਖੇ ਅਪਰੈਂਡਸ਼ਿਪ ਮੇਲਾ ਕਰਵਾਇਆ
ਸਰਕਾਰੀ ਆਈਟੀਆਈ ਫਿਰੋਜ਼ਪੁਰ ਵਿਖੇ ਅਪਰੈਂਡਸ਼ਿਪ ਮੇਲਾ ਆਯੋਜਿਤ
Publish Date: Mon, 09 Feb 2026 06:15 PM (IST)
Updated Date: Mon, 09 Feb 2026 06:17 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਖਿਆਰਥੀਆਂ ਨੂੰ ਉਦਯੋਗਿਕ ਤਜਰਬੇ ਅਤੇ ਰੋਜ਼ਗਾਰਕ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਫਿਰੋਜ਼ਪੁਰ ਵਿਖੇ ਇਕ ਵਿਸ਼ਾਲ ਅਪਰੈਂਡਸ਼ਿਪ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਮੇਲਾ ਡਿਪਟੀ ਡਾਇਰੈਕਟਰ-ਕਮ-ਪ੍ਰਿੰਸੀਪਲ ਹਰਦੀਪ ਕੁਮਾਰ ਦੀ ਅਗਵਾਈ ਹੇਠ ਬੜੀ ਸੁਚੱਜੀ ਤਰ੍ਹਾਂ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਪ੍ਰਮੁੱਖ ਉਦਯੋਗਿਕ ਇਕਾਈਆਂ ਨੇ ਭਰਪੂਰ ਭਾਗੀਦਾਰੀ ਨਿਭਾਈ। ਅਪਰੈਂਡਸ਼ਿਪ ਮੇਲੇ ਦੌਰਾਨ ਉਦਯੋਗਾਂ ਦੇ ਨੁਮਾਇੰਦਿਆਂ ਵੱਲੋਂ ਆਈਟੀਆਈ ਦੇ ਸਿਖਿਆਰਥੀਆਂ ਨਾਲ ਸਿੱਧਾ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਪਰੈਂਡਸ਼ਿਪ ਸਬੰਧੀ ਜਾਣਕਾਰੀ ਦੇ ਕੇ ਇੰਗੇਜ ਕੀਤਾ ਗਿਆ। ਇਸ ਮੌਕੇ ਸਿਖਿਆਰਥੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਉਨ੍ਹਾਂ ਨੂੰ ਆਪਣੀ ਟਰੇਡ ਅਨੁਸਾਰ ਉਦਯੋਗਾਂ ਨਾਲ ਜੁੜਨ ਅਤੇ ਭਵਿੱਖ ਵਿਚ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਦਾ ਮੰਚ ਮਿਲਿਆ। ਇਸ ਅਹਿਮ ਮੌਕੇ ਟਰੇਨਿੰਗ ਅਫਸਰ ਰਾਜੇਸ਼ ਕੁਮਾਰ ਨੇ ਸਿਖਿਆਰਥੀਆਂ ਨੂੰ ਅਪਰੈਂਡਸ਼ਿਪ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਿਕ ਮਾਹੌਲ ਨਾਲ ਜੋੜਨ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰੈਂਡਸ਼ਿਪ ਰਾਹੀਂ ਸਿਖਿਆਰਥੀਆਂ ਨੂੰ ਪ੍ਰੈਕਟੀਕਲ ਤਜਰਬੇ ਦੇ ਨਾਲ-ਨਾਲ ਵਜ਼ੀਫਾ ਵੀ ਮਿਲਦਾ ਹੈ, ਜੋ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਡਿਪਟੀ ਡਾਇਰੈਕਟਰ-ਕਮ-ਪ੍ਰਿੰਸੀਪਲ ਹਰਦੀਪ ਕੁਮਾਰ ਨੇ ਆਪਣੇ ਸੰਬੋਧਨ ਵਿਚ ਉਦਯੋਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਿਖਿਆਰਥੀਆਂ ਅਤੇ ਉਦਯੋਗਾਂ ਦਰਮਿਆਨ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਪਰੈਂਡਸ਼ਿਪ ਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ। ਅੰਤ ਵਿਚ ਸੰਸਥਾ ਪ੍ਰਬੰਧਨ ਵੱਲੋਂ ਭਾਗ ਲੈਣ ਵਾਲੀਆਂ ਸਾਰੀਆਂ ਉਦਯੋਗਿਕ ਇਕਾਈਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।