ਕੈਂਪ ਦੌਰਾਨ 269 ਦਿਵਿਆਂਗ ਬੱਚਿਆਂ ਨੂੰ ਵੰਡੀ ਸਹਾਇਤਾ
ਦਿਵਿਆਂਗ ਵਿਦਿਆਰਥੀਆਂ ਲਈ ਸਮਾਨ ਵੰਡ ਕੈਂਪ ਆਯੋਜਨ, 269 ਬੱਚਿਆਂ ਨੂੰ ਮਿਲੀ ਸਹਾਇਤਾ
Publish Date: Tue, 03 Mar 2026 05:26 PM (IST)
Updated Date: Tue, 03 Mar 2026 05:29 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਫਿਰੋਜ਼ਪੁਰ ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕੋਮਲ ਅਰੋੜਾ ਦੀ ਅਗਵਾਈ ’ਚ 2 ਅਤੇ 3 ਮਾਰਚ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਫਿਰੋਜ਼ਪੁਰ, ਤਲਵੰਡੀ ਭਾਈ, ਮਖੂ ਅਤੇ ਗੁਰੂਹਰਸਹਾਏ ਕੇਂਦਰਾਂ ਵਿਚ ਦਿਵਿਆਂਗ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਨ ਵੰਡ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਸਾਲ 2025 ਵਿਚ ਲੱਗੇ ਅਸੈਸਮੈਂਟ ਕੈਂਪਾਂ ਦੌਰਾਨ ਡਾਕਟਰੀ ਮਾਹਰ ਟੀਮਾਂ ਵੱਲੋਂ ਸਿਫ਼ਾਰਸ਼ ਕੀਤੇ ਗਏ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਗਈ। ਜਿਸ ਵਿਚ ਕੁੱਲ 269 ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵਹੀਲ ਚੇਅਰਾਂ, ਟਰਾਈ ਸਾਈਕਲਾਂ, ਬੈਟਰੀ ਵਾਲੀਆਂ ਸਾਈਕਲਾਂ, ਸੁਣਨ ਯੰਤਰ (ਕੰਨਾਂ ਵਾਲੀਆਂ ਮਸ਼ੀਨਾਂ), ਟੀਐੱਲਐੱਮ ਕਿੱਟਾਂ ਅਤੇ ਸਮਾਰਟ ਫੋਨ ਆਦਿ ਉਪਕਰਣ ਪ੍ਰਦਾਨ ਕੀਤੇ ਗਏ। ਕੈਂਪ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਵਿਭਾਗ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਵਿਚ ਵੱਡੀ ਮੱਦਦ ਮਿਲੇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ, ਸਮੂਹ ਬਲਾਕਾਂ ਦੇ ਆਈਈਆਰਟੀ, ਸਪੈਸ਼ਲ ਐਜੂਕੇਟਰ ਅਤੇ ਅਲਿਮਕੋ ਟੀਮ ਦੇ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਉਪਕਰਣਾਂ ਦੀ ਵੰਡ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹਰ ਬੱਚੇ ਤੱਕ ਗੁਣਵੱਤਾ ਯੁਕਤ ਸਿੱਖਿਆ ਅਤੇ ਜ਼ਰੂਰੀ ਸਹੂਲਤਾਂ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਸਰੀਰਕ ਅਸਮਰਥਾ ਕਾਰਨ ਪਿੱਛੇ ਨਾ ਰਹਿ ਜਾਵੇ।