ਚੱਕ ਹਾਮਦ ਸਕੂਲ ’ਚ ਧੂਮਧਾਮ ਨਾਲ ਕਰਵਾਇਆ ਸਾਲਾਨਾ ਸਮਾਗਮ
ਸਰਕਾਰੀ ਪ੍ਰਾਇਮਰੀ ਸਕੂਲ ਚੱਕ ਹਾਮਦ ਵਿਚ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ
Publish Date: Wed, 01 Apr 2026 05:08 PM (IST)
Updated Date: Wed, 01 Apr 2026 05:10 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਪ੍ਰਾਇਮਰੀ ਸਕੂਲ ਚੱਕ ਹਾਮਦ, ਬਲਾਕ ਫ਼ਿਰੋਜ਼ਪੁਰ-2 ਵਿਚ ਅੱਜ ਸਲਾਨਾ ਸਮਾਗਮ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਬੀਪੀਈਓ ਰਾਜਨ ਨਰੂਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸੀਐੱਚਟੀ ਕੰਵਲਬੀਰ ਸਿੰਘ, ਮਹਿੰਦਰ ਸਿੰਘ ਸ਼ੈਲੀ, ਸਕੂਲ ਮੁਖੀ ਜਗਦੀਪ ਘਈ, ਜਸਪ੍ਰੀਤ ਸਿੰਘ ਪੁਰੀ, ਮਨਪ੍ਰੀਤ ਕੌਰ, ਰਾਕੇਸ਼ ਕੰਬੋਜ ਅਤੇ ਬਲਦੇਵ ਸਿੰਘ ਮੌਜ਼ੂਦ ਸਨ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਅਕਤੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਬੱਚਿਆਂ ਦਾ ਹੌਸਲਾ ਵਧਾਇਆ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਨੱਚ-ਗੀਤ, ਕਵਿਤਾਵਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨਾਲ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਦੀ ਮਹੱਤਤਾ ਵੀ ਦਰਸਾਈ ਗਈ। ਬੱਚਿਆਂ ਦੀ ਪ੍ਰਤਿਭਾ ਅਤੇ ਵਿਸ਼ਵਾਸ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਮੁੱਖ ਮਹਿਮਾਨ ਰਾਜਨ ਨਰੂਲਾ ਵੱਲੋਂ ਸਾਲਾਨਾ ਪ੍ਰੀਖਿਆਵਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਅਤੇ ਪਾਸ ਹੋਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਨ ਲਾ ਕੇ ਪੜ੍ਹਾਈ ਕਰਨ ਅਤੇ ਆਪਣੇ ਜੀਵਨ ਵਿੱਚ ਉੱਚੇ ਮਕਾਮ ਹਾਸਲ ਕਰਨ। ਉਨ੍ਹਾਂ ਨੇ ਅਧਿਆਪਕਾਂ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ ਅਤੇ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।ਅੰਤ ਵਿੱਚ ਸਕੂਲ ਮੁਖੀ ਜਗਦੀਪ ਘਈ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਬੱਚਿਆਂ ਨੂੰ ਆਪਣੇ ਹੁਨਰ ਨੂੰ ਨਿਖਾਰਣ ਦਾ ਮੌਕਾ ਦਿੰਦੇ ਹਨ।