ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੀ ਨਿਕਲੀ ਫੂਕ : ਆਸ਼ੂ ਬੰਗੜ
ਫਿਰੋਜ਼ਪੁਰ ਦੀਆਂ ਮੰਡੀਆਂ ’ਚ ਰੁਲ ਰਿਹਾ ‘ਅੰਨਦਾਤਾ’
Publish Date: Tue, 14 Apr 2026 03:57 PM (IST)
Updated Date: Wed, 15 Apr 2026 04:00 AM (IST)

ਫਿਰੋਜ਼ਪੁਰ ਦੀਆਂ ਮੰਡੀਆਂ ’ਚ ਰੁਲ ਰਿਹਾ ‘ਅੰਨਦਾਤਾ’, ਕਿਹਾ- ਜੇ 24 ਘੰਟੇ ’ਚ ਖਰੀਦ ਤੇ ਅਦਾਇਗੀ ਨਾ ਹੋਈ ਤਾਂ ਹੋਵੇਗਾ ਤਿੱਖਾ ਸੰਘਰਸ਼ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਵਿਚ ਕਣਕ ਦੀ ਵਾਢੀ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੈ, ਪਰ ਸਰਕਾਰ ਦੀ ਕਥਿਤ ਨਾਕਾਮੀ ਕਾਰਨ ਫਿਰੋਜ਼ਪੁਰ ਦਿਹਾਤੀ ਦੀਆਂ ਮੰਡੀਆਂ ਵਿਚ ਕਿਸਾਨਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਅੱਜ 14 ਅਪ੍ਰੈਲ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਜਿੱਥੇ ਕਿਸਾਨਾਂ ਦੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ ਸੀ, ਉੱਥੇ ਫਿਰੋਜ਼ਪੁਰ ਦੇ ਕਿਸਾਨ ਆਪਣੀ ਸੁਨਹਿਰੀ ਫਸਲ ਦੀ ਰਾਖੀ ਲਈ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜ਼ਬੂਰ ਹਨ। ਪ੍ਰਬੰਧਾਂ ਦੀ ਘਾਟ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਮੰਡੀਆਂ ਦੇ ਹਾਲਾਤ ਬਿਆਨ ਕਰਦਿਆਂ ਪਤਾ ਲੱਗਦਾ ਹੈ ਕਿ ਨਾ ਤਾਂ ਉੱਥੇ ਬਾਰਦਾਨੇ ਦਾ ਸਹੀ ਪ੍ਰਬੰਧ ਹੈ ਅਤੇ ਨਾ ਹੀ ਫਸਲ ਦੀ ਚੁਕਾਈ ਹੋ ਰਹੀ ਹੈ। ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਜ਼ਮੀਨੀ ਪੱਧਰ ’ਤੇ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਠੱਪ ਪਈ ਹੈ। ਹਲਕਾ ਇੰਚਾਰਜ਼ ਫਿਰੋਜ਼ਪੁਰ ਦਿਹਾਤੀ ਅਮਰਦੀਪ ਆਸ਼ੂ ਬੰਗੜ ਨੇ ਮੰਡੀਆਂ ਦਾ ਦੌਰਾ ਕਰਨ ਉਪਰੰਤ ਇਹ ਸਰਕਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਸਾਬਤ ਹੋਈ ਹੈ। ਅੱਜ ਮੰਡੀਆਂ ਵਿਚ ਨਾ ਬਾਰਦਾਨਾ ਹੈ ਅਤੇ ਨਾ ਹੀ ਚੁਕਾਈ ਦਾ ਕੋਈ ਪ੍ਰਬੰਧ। ਜੇਕਰ ਅੱਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੁੰਦੀ, ਤਾਂ ਕਿਸਾਨ ਦਾ ਇੱਕ-ਇੱਕ ਦਾਣਾ ਸਮੇਂ ਸਿਰ ਚੁੱਕਿਆ ਜਾਣਾ ਸੀ ਅਤੇ ਅਦਾਇਗੀ ਸਿੱਧੀ ਖਾਤਿਆਂ ਵਿਚ ਹੋਣੀ ਸੀ। ਉਨ੍ਹਾਂ ਆਖਿਆ ਕਿ ਕਣਕ ਦੀ ਖਰੀਦ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੀ ਜਾਵੇ, ਫਸਲ ਦੀ ਤੁਲਾਈ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅਦਾਇਗੀ ਯਕੀਨੀ ਬਣਾਈ ਜਾਵੇ ਅਤੇ ਬਾਰਦਾਨੇ ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇ। ਬੰਗੜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਕੁੰਭਕਰਨੀ ਨੀਂਦ ਤੋਂ ਜਾਗ ਕੇ ਕਿਸਾਨਾਂ ਦੀ ਸਾਰ ਨਾ ਲਈ, ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿਚ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ‘ਕਿਸਾਨ ਬਚਾਓ, ਪੰਜਾਬ ਬਚਾਓ’ ਦਾ ਨਾਅਰਾ ਦਿੰਦਿਆਂ ਕਿਸਾਨਾਂ ਨਾਲ ਡਟ ਕੇ ਖੜ੍ਹਨ ਦਾ ਭਰੋਸਾ ਦਿੱਤਾ।