ਪਿੰਡ ਹਜ਼ਾਰਾ ਸਿੰਘ ਵਾਲਾ ’ਚ ਸੈਂਪਲਿੰਗ ਤੇ ਟੀਕਾਕਰਨ ਸ਼ੁਰੂ
ਪਿੰਡ ਹਜ਼ਾਰਾ ਸਿੰਘ ਵਾਲਾ ’ਚ ਪਸ਼ੂ ਪਾਲਣ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਸੈਂਪਲਿੰਗ ਅਤੇ ਟੀਕਾਕਰਨ ਮੁਹਿੰਮ ਸ਼ੁਰੂ
Publish Date: Tue, 07 Apr 2026 06:24 PM (IST)
Updated Date: Tue, 07 Apr 2026 06:26 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਲੇਪਟੋਸਪਿਰੋਸਿਸ ਬਿਮਾਰੀ ਕਾਰਨ ਇਕ ਬੱਚੀ ਦੀ ਮੌਤ ਅਤੇ ਮਨੁੱਖਾਂ ਵਿਚ ਕੇਸ ਸਾਹਮਣੇ ਆਉਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਫ਼ਿਰੋਜ਼ਪੁਰ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਵਿਭਾਗ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਮਾਮਲੇ ਦੀ ਸ਼ੁਰੂਆਤ ਹੁੰਦਿਆਂ ਹੀ ਵਿਭਾਗ ਨੇ ਪੋਜ਼ੀਟਿਵ ਕੇਸਾਂ ਵਾਲੇ ਘਰਾਂ ਦੇ ਪਸ਼ੂਆਂ ਦੀ ਸੈਂਪਲਿੰਗ ਕੀਤੀ ਸੀ, ਜੋ ਕਿ ਸ਼ੁਰੂਆਤੀ ਦੌਰ ਵਿਚ ਨੈਗੇਟਿਵ ਪਾਏ ਗਏ ਸਨ। ਹਾਲਾਂਕਿ ਜਦੋਂ ਮਨੁੱਖਾਂ ਵਿਚ ਦੁਬਾਰਾ ਕੇਸ ਵਧਣੇ ਸ਼ੁਰੂ ਹੋਏ, ਤਾਂ ਵਿਭਾਗ ਨੇ ਬਿਨਾਂ ਦੇਰੀ ਕੀਤੇ ਪਿੰਡ ਦੇ ਸਮੁੱਚੇ 870 ਪਸ਼ੂਆਂ (123 ਗਾਵਾਂ ਅਤੇ 747 ਮੱਝਾਂ) ਦੇ ਸੈਂਪਲ ਲੈਣ ਦਾ ਫੈਸਲਾ ਕੀਤਾ। ਹੁਣ ਤੱਕ ਪ੍ਰਾਪਤ ਹੋਈਆਂ 460 ਰਿਪੋਰਟਾਂ ਵਿੱਚੋਂ ਕੇਵਲ 12 ਪਸ਼ੂ ਹੀ ਪੋਜ਼ੀਟਿਵ ਪਾਏ ਗਏ ਹਨ। ਰਾਹਤ ਦੀ ਗੱਲ ਇਹ ਹੈ ਕਿ ਮਾਹਿਰ ਡਾਕਟਰਾਂ ਦੀਆਂ ਟੀਮਾਂ ਅਨੁਸਾਰ ਪਿੰਡ ਦੇ ਕਿਸੇ ਵੀ ਪਸ਼ੂ ਵਿਚ ਇਸ ਬਿਮਾਰੀ ਦੇ ਸਪੱਸ਼ਟ ਲੱਛਣ ਨਹੀਂ ਦਿਖਾਈ ਦਿੱਤੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਡਾਕਟਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ 6 ਅਤੇ 7 ਅਪ੍ਰੈਲ ਨੂੰ ਪੂਰੇ ਪਿੰਡ ਵਿਚ ਮੁਹਿੰਮ ਚਲਾ ਕੇ ਸਾਰੇ ਪਸ਼ੂਆਂ ਦਾ ਟੀਕਾਕਰਨ ਮੁਕੰਮਲ ਕਰ ਲਿਆ ਹੈ। ਵਿਭਾਗ ਦਾ ਮੁੱਖ ਉਦੇਸ਼ ਬਿਮਾਰੀ ਦੀ ਰੋਕਥਾਮ ਕਰਨਾ ਅਤੇ ਪਸ਼ੂਆਂ ਰਾਹੀਂ ਮਨੁੱਖਾਂ ਵਿਚ ਫੈਲਣ ਵਾਲੇ ਇਸ ਖ਼ਤਰੇ ਨੂੰ ਖ਼ਤਮ ਕਰਨਾ ਹੈ। ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪਸ਼ੂ ਪਾਲਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਸਖ਼ਤ ਹਦਾਇਤ ਦਿੱਤੀ ਹੈ ਕਿ ਪਸ਼ੂਆਂ ਨੂੰ ਪਿੰਡ ਵਿੱਚ ਆਉਣ ਵਾਲਾ ਗੰਦਾ ਪਾਣੀ ਬਿਲਕੁਲ ਨਾ ਪਿਲਾਇਆ ਜਾਵੇ ਅਤੇ ਉਨ੍ਹਾਂ ਨੂੰ ਛੱਪੜਾਂ ਦੇ ਨੇੜੇ ਨਾ ਬੰਨਿ੍ਹਆ ਜਾਵੇ, ਕਿਉਂਕਿ ਦੂਸ਼ਿਤ ਪਾਣੀ ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਬਣ ਸਕਦਾ ਹੈ। ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਹੋਣ ’ਤੇ ਤੁਰੰਤ ਸਰਕਾਰੀ ਮਾਹਿਰਾਂ ਨਾਲ ਸੰਪਰਕ ਕਰਨ।