ਪਸ਼ੂਆਂ ਦਾ ਦੁੱਧ ਵਧਾਉਣ ਤੇ ਸਿਹਤ ਸਹੀ ਰੱਖਣ ਦੇ ਨੁਕਤੇ ਕੀਤੇ ਸਾਂਝੇ
ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ
Publish Date: Mon, 02 Feb 2026 04:43 PM (IST)
Updated Date: Mon, 02 Feb 2026 04:43 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਭਾਗ ਦੇ ਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਯੋਗ ਅਗਵਾਈ ਹੇਠ ਅਤੇ ਪਰਮਦੀਪ ਸਿੰਘ ਵਾਲੀਆ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਮਾਨਯੋਗ ਐੱਸਡੀਐੱਮ ਲਿੰਧਿਆ, ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਫੱਤੂਵਾਲਾ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਡਾ. ਗੁਰਵਿੰਦਰ ਸਿੰਘ, ਸੀਨੀਅਰ ਵੈਟਰਨਰੀ ਅਫ਼ਸਰ, ਫਿਰੋਜ਼ਪੁਰ ਨੇ ਸੈਕਸਡ ਸੀਮਨ ਬਾਰੇ ਜਾਣਕਾਰੀ ਦਿੱਤੀ ਅਤੇ ਪਸ਼ੂਆਂ ਦਾ ਦੁੱਧ ਵਧਾਉਣ ਅਤੇ ਉਨ੍ਹਾਂ ਦੀ ਸਿਹਤ ਸਹੀ ਰੱਖਣ ਲਈ ਅਹਿਮ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਪਸ਼ੂਆਂ ਦੇ ਗੱਭਣ ਨਾ ਹੋਣ ਦੀ ਸਮੱਸਿਆ ਜਿਵੇਂ ਕਿ ਐਨਸਟਰਸ ਅਤੇ ਰੀਪੀਟ ਬਰੀਡਿੰਗ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਸਮ ਦੇ ਬਦਲਾਅ ਅਨੁਸਾਰ ਪਸ਼ੂਆਂ ਦੇ ਹਰੇ ਚਾਰੇ ਅਤੇ ਖ਼ੁਰਾਕ ਵਿਚ ਕੀਤੇ ਜਾਣ ਵਾਲੇ ਜ਼ਰੂਰੀ ਬਦਲਾਅ ਬਾਰੇ ਵੀ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਾ. ਇਸ਼ਾ ਸੇਖਰੀ, ਵੈਟਰਨਰੀ ਅਫ਼ਸਰ ਨੇ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਫਾਇਦਿਆਂ ਬਾਰੇ ਵਿਸਥਾਰ ਵਿਚ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਲੀਡ ਬੈਂਕ ਤੋਂ ਆਏ ਗਗਨ ਨੇ ਬੈਂਕ ਵੱਲੋਂ ਕੀਤੀ ਜਾਣ ਵਾਲੀ ਪੜਤਾਲ/ਤਫ਼ਤੀਸ਼ ਬਾਰੇ ਜਾਣਕਾਰੀ ਦਿੱਤੀ ਅਤੇ ਪਸ਼ੂ ਪਾਲਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਉਪਰੰਤ ਡਾ. ਇਸ਼ਾ ਸੇਖਰੀ ਨੇ ਪਸ਼ੂ ਪਾਲਕਾਂ ਨੂੰ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਟੀਕੇ ਜ਼ਰੂਰ ਲਗਵਾਉਣ ਦੀ ਗੁਜ਼ਾਰਿਸ਼ ਕੀਤੀ। ਡਾ. ਨੀਰਜ ਗਰੋਵਰ, ਵੈਟਰਨਰੀ ਅਫ਼ਸਰ (ਖਾਈ ਫੇਮੇ ਕੀ) ਨੇ ਲੰਪੀ ਸਕਿਨ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫਰਵਰੀ ਤੋਂ ਇਸ ਦਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਅਤੇ ਪਸ਼ੂ ਪਾਲਕਾਂ ਨੂੰ ਗਾਵਾਂ ਦਾ ਇਹ ਟੀਕਾ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਗਲ਼ਘੋਟੂ ਦੀ ਬਿਮਾਰੀ ਅਤੇ ਬਦਲਦੇ ਮੌਸਮ ਵਿਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਵੀ ਦੱਸਿਆ। ਡਾ. ਸ਼ਿਖਾ, ਵੈਟਰਨਰੀ ਅਫ਼ਸਰ (ਬੂਟੇਵਾਲਾ) ਨੇ ਪਸ਼ੂ ਪਾਲਕਾਂ ਨੂੰ ਬਰੂਸੀਲੋਸਿਸ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਲਈ ਟੀਕਾਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸਿਮਰਨਜੀਤ ਕੌਰ ਵੈਟਰਨਰੀ ਇੰਸਪੈਕਟਰ ਝੋਕ ਹਰੀਹਰ, ਗੁਰਸੇਵਕ ਸਿੰਘ ਵੈਟਰਨਰੀ ਇੰਸਪੈਕਟਰ ਖਾਈ ਫੇਮੇ ਕੀ ਅਤੇ ਤਿਲਕ ਰਾਜ ਜੀ ਦਰਜਾ ਚਾਰ ਖਾਈ ਫੇਮੇ ਕੀ ਨੇ ਹਿੱਸਾ ਲਿਆ। ਕਨ੍ਹਈਆ ਲਾਲ ਨੇ ਕੈਂਪ ਆਯੋਜਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਕੈਂਪ ਵਿਚ 50 ਪਸ਼ੂ ਪਾਲਕਾਂ ਨੇ ਭਾਗ ਲਿਆ। ਉਨ੍ਹਾਂ ਨੇ ਪਸ਼ੂਆਂ ਨਾਲ ਆਉਣ ਵਾਲੀਆਂ ਦਿੱਕਤਾਂ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਲਈ, ਆਪਣੇ ਸਵਾਲਾਂ ਦੇ ਜਵਾਬ ਲਏ ਅਤੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ।