ਆਂਗਨਵਾੜੀ ਮੁਲਾਜ਼ਮ ਯੂਨੀਅਨ ਦਾ ਇਜਲਾਸ ਕਰਵਾਇਆ
ਆਂਗਨਵਾੜੀ ਮੁਲਾਜ਼ਮ ਯੂਨੀਅਨ ਦਾ ਫਿਰੋਜ਼ਪੁਰ ਵਿਖੇ ਇਜਲਾਸ
Publish Date: Sat, 14 Mar 2026 04:34 PM (IST)
Updated Date: Sat, 14 Mar 2026 04:36 PM (IST)

- ਜਸਪਾਲ ਕੌਰ ਮੁੜ ਜ਼ਿਲ੍ਹਾ ਪ੍ਰਧਾਨ ਚੁਣੀ ਗਈ - ਕੇਂਦਰ ਦੀਆਂ ਵਿਦੇਸ਼ ਨੀਤੀਆਂ ਤੇ ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਯੂਨੀਅਨ ਨੇ ਖੋਲ੍ਹਿਆ ਮੋਰਚਾ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫਿਰੋਜ਼ਪੁਰ ਵਿਖੇ ‘ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ’ ਦਾ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਇਜਲਾਸ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਸਰਬਸੰਮਤੀ ਨਾਲ ਜਥੇਬੰਦਕ ਚੋਣ ਕੀਤੀ ਗਈ, ਜਿਸ ਵਿਚ ਜਸਪਾਲ ਕੌਰ ਨੂੰ ਜ਼ਿਲ੍ਹਾ ਪ੍ਰਧਾਨ, ਕਾਨਤਾ ਰਾਣੀ ਨੂੰ ਜਨਰਲ ਸਕੱਤਰ, ਰਜਵੰਤ ਕੌਰ ਅਟਾਰੀ ਨੂੰ ਕੈਸ਼ੀਅਰ ਅਤੇ ਰਾਜਪਾਲ ਕੌਰ ਕੜਮਾ ਨੂੰ ਸਹਾਇਕ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਜਲਾਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਸੰਬੋਧਨ ਕੀਤਾ। ਸੁਭਾਸ਼ ਰਾਣੀ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਦੇ ਤੇਲ ਭੰਡਾਰਾਂ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ, ਜਿਸ ਵਿਚ 165 ਸਕੂਲੀ ਬੱਚਿਆਂ ਦੀ ਮੌਤ ਹੋਈ। ਉਨ੍ਹਾਂ ਸਵਾਲ ਚੁੱਕਿਆ ਕਿ ਭਾਰਤ ਸਰਕਾਰ ਅਮਰੀਕੀ ਦਬਾਅ ਹੇਠ ਰੂਸ ਅਤੇ ਇਰਾਨ ਤੋਂ ਸਸਤਾ ਤੇਲ ਲੈਣ ਦੀ ਬਜਾਏ ਅਮਰੀਕਾ ਤੋਂ ਮਹਿੰਗਾ ਤੇਲ ਅਤੇ ਖੇਤੀ ਵਸਤਾਂ ਕਣਕ, ਦੁੱਧ, ਪਨੀਰ ਮੰਗਵਾ ਰਹੀ ਹੈ, ਜੋ ਕਿ ਦੇਸ਼ ਦੇ ਕਿਸਾਨਾਂ ਨਾਲ ਗੱਦਾਰੀ ਹੈ। ਇਸ ਮੌਕੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਜਨਰਲ ਸਕੱਤਰ ਅਤੇ ਕੈਸ਼ੀਅਰ ਵੱਲੋਂ ਪੇਸ਼ ਕੀਤੀ ਰਿਪੋਰਟ ਦੀ ਸ਼ਲਾਘਾ ਕੀਤੀ। ਇਸ ਦੌਰਾਨ ਜਨਰਲ ਸਕੱਤਰ ਕਾਨਤਾ ਰਾਣੀ ਨੇ ਪੰਜਾਬ ਸਰਕਾਰ ਨੂੰ ਚੋਣ ਵਾਅਦੇ ਯਾਦ ਦਿਵਾਉਂਦਿਆਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਹਾਲੇ ਤੱਕ ਵਫ਼ਾ ਨਹੀਂ ਹੋਇਆ। ਸੁਪਰੀਮ ਕੋਰਟ ਦੇ ਗ੍ਰੈਚੂਇਟੀ ਸਬੰਧੀ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਮੁੜ ਆਂਗਨਵਾੜੀ ਸੈਂਟਰਾਂ ਵਿਚ ਭੇਜਣ ਲਈ ਜਲਦੀ ਨੋਟੀਫਿਕੇਸ਼ਨ ਜਾਰੀ ਹੋਵੇ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਂਗਨਵਾੜੀ ਵਰਕਰਾਂ, ਹੈਲਪਰਾਂ, ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੂੰ ਪੱਕਾ ਨਾ ਕੀਤਾ ਅਤੇ ਆਈਸੀਡੀਐੱਸ ਵਿਭਾਗ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ‘ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ’ ਵੱਲੋਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਧਰਨੇ ਪ੍ਰਦਰਸ਼ਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।