ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ
Publish Date: Fri, 27 Mar 2026 03:35 PM (IST)
Updated Date: Fri, 27 Mar 2026 03:38 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਇਕ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕੀਤੀ। ਸਮਾਗਮ ਵਿਚ ਰਾਸ਼ਟਰਪਤੀ ਐਵਾਰਡ ਜੇਤੂ ਅਤੇ ਉੱਘੇ ਵਿਦਵਾਨ ਡਾ. ਰਮੇਸ਼ਵਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਡਾ. ਕੇ. ਸੁਨੀਲ ਬਹਿਲ ਕੋਆਰਡੀਨੇਟਰ, ਸ਼ਹੀਦ ਭਗਤ ਸਿੰਘ ਸੋਸਾਇਟੀ ਅਤੇ ਮਿਸ ਨਵਦੀਪ ਕੌਰ ਝੱਜ ਕੋ-ਕੋਆਰਡੀਨੇਟਰ, ਸ਼ਹੀਦ ਭਗਤ ਸਿੰਘ ਸੋਸਾਇਟੀ ਦੀ ਯੋਗ ਨਿਗਰਾਨੀ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਿਸ ਨਵਦੀਪ ਕੌਰ ਝੱਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਸਮਾਗਮ ਦੀ ਸ਼ੁਰੂਆਤ ਸਨਮਦੀਪ ਕੌਰ ਵੱਲੋਂ ਗਾਇਨ ਕੀਤੇ ਗਏ ਗੁਰਬਾਣੀ ਕੀਰਤਨ ਨਾਲ ਹੋਈ। ਗੌਰਵਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ। ਨਿਸ਼ੂ ਵੱਲੋਂ ਪੜ੍ਹੀ ਗਈ ਕਵਿਤਾ ਨੇ ਸਾਰਿਆਂ ਦੇ ਮਨਾਂ ਨੂੰ ਝੰਜੋੜ ਦਿੱਤਾ, ਜਦਕਿ ਅਨਮੋਲਦੀਪ ਸਿੰਘ ਨੇ ਆਪਣੀ ਗਾਇਕੀ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ। ਸੱਭਿਆਚਾਰਕ ਪੇਸ਼ਕਾਰੀਆਂ ਵਿਚ ਆਲਮਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ‘ਪ੍ਰਣਾਮ ਸ਼ਹੀਦਾਂ ਨੂੰ’ ਨੇ ਦੇਸ਼ ਭਗਤੀ ਦਾ ਅਹਿਸਾਸ ਕਰਵਾਇਆ। ਮਯੰਕ ਪ੍ਰਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਮਾਈਮ ‘ਕੁਰਬਾਨੀ ਦੀ ਗੂੰਜ’ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਨੂੰ ਬਿਨਾਂ ਬੋਲੇ ਬਾ-ਕਮਾਲ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ ਸਕਿੱਟ ਖਿੱਚ ਦਾ ਕੇਂਦਰ ਰਿਹਾ। ਹੋਣਹਾਰ ਕਲਾਕਾਰਾਂ ਤੇ ਮਿਹਨਤੀ ਸਟਾਫ਼ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਗੀਤ ਦੇ ਸਤਿਕਾਰ ਨਾਲ ਸਮਾਗਮ ਦੀ ਸਮਾਪਤੀ ਹੋਈ।