ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਮਤੇ ਪਾਸ
ਨੰਬਰਦਾਰ ਯੂਨੀਅਨ ਫਿਰੋਜ਼ਪੁਰ ਦੇ ਅਹੁਦੇਦਾਰਾਂ ਦੀ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ
Publish Date: Thu, 01 Jan 2026 04:17 PM (IST)
Updated Date: Fri, 02 Jan 2026 04:05 AM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਨੰਬਰਦਾਰ ਯੂਨੀਅਨ ਫਿਰੋਜ਼ਪੁਰ ਦੇ ਅਹੁਦੇਦਾਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਪ੍ਰਧਾਨ ਸੁਖਰਾਜ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ, ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਵਿਚ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨੇ ਡੀਸੀ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਪਿੰਡਾਂ ਦੀਆਂ ਸਾਰੀਆਂ ਤਸਦੀਕਾਂ ਸਿਰਫ਼ ਨੰਬਰਦਾਰਾਂ ਤੋਂ ਕਰਵਾਈਆਂ ਜਾਣ ਅਤੇ ਸਾਬਕਾ ਮੈਂਬਰ ਪੰਚਾਇਤ, ਸਰਪੰਚ ਤੇ ਐਡਵੋਕੇਟ ਨੂੰ ਇਹ ਤਸਦੀਕਾਂ ਕਰਨ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਤਸਦੀਕਾਂ ਨੂੰ ਨਾ ਮੰਨਿਆ ਜਾਵੇ, ਤਾਂ ਜੋ ਜਾਇਦਾਦ ਵਿੱਚ ਹੋਣ ਵਾਲੀਆਂ ਹੇਰਾ-ਫੇਰੀਆਂ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਘੱਟੋ-ਘੱਟ 5 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਕਿਉਂਕਿ 1500 ਰੁਪਏ ਦੀ ਰਾਸ਼ੀ ਬਹੁਤ ਹੀ ਘੱਟ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਵੀ ਨੰਬਰਦਾਰਾਂ ਨੂੰ 3 ਹਜ਼ਾਰ ਰੁਪਏ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਦੇਖਦੇ ਹੋਏ ਨੰਬਰਦਾਰਾਂ ਦਾ ਮਾਣ ਭੱਤਾ ਤੁਰੰਤ 5 ਹਜ਼ਾਰ ਰੁਪਏ ਕੀਤਾ ਜਾਵੇ। ਨੰਬਰਦਾਰਾਂ ਦੀ ਮੌਤ ਤੋਂ ਬਾਅਦ ਨਵਾਂ ਨੰਬਰਦਾਰ ਸਿਰਫ਼ ਉਸ ਦੇ ਬੇਟੇ ਜਾਂ ਉਸ ਦੇ ਪਰਿਵਾਰ ਵਿੱਚੋਂ ਬਣਾਇਆ ਜਾਵੇ ਅਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ (ਪਿਤਾ ਪੁਰਖੀ) ਕੀਤਾ ਜਾਵੇ ਅਤੇ ਨੰਬਰਦਾਰਾਂ ਦੇ ਦਫ਼ਤਰ ਵਿਚ ਇਨਵਰਟਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਨੰਬਰਦਾਰ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨਾ ਪਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ’ਤੇ ਨੰਬਰਦਾਰ ਯੂਨੀਅਨ ਤੋਂ ਸੁਖਰਾਜ ਸਿੰਘ ਤਹਿਸੀਲ ਪ੍ਰਧਾਨ ਫਿਰੋਜ਼ਪੁਰ, ਪਰਮਜੀਤ ਸੋਢੀ ਪ੍ਰੈਸ ਸਕੱਤਰ, ਰਾਜੇਸ਼ ਕੁਮਾਰ ਖੰਨਾ ਤਹਿਸੀਲ ਸਕੱਤਰ, ਬਲਵਿੰਦਰ ਸਿੰਘ ਸਤੀਏਵਾਲਾ, ਵਿਜੇ ਕੁਮਾਰ ਨੂਰਪੁਰ ਸੇਠਾਂ, ਸੰਪੂਰਨ ਸਿੰਘ ਭਾਵੜਾ ਆਜ਼ਮ ਸ਼ਾਹ, ਅੰਗਰੇਜ਼ ਸਿੰਘ, ਰਾਮ ਦਾਸ, ਬੂਟਾ ਸਿੰਘ, ਬਲਜਿੰਦਰ ਸਿੰਘ, ਤਾਰਾ ਸਿੰਘ, ਸੁਖਵਿੰਦਰ ਸਿੰਘ, ਬਿੱਲਾ, ਜਗਸੀਰ ਸਿੰਘ, ਮੰਗਲ ਸਿੰਘ, ਸਤਪਾਲ ਅਤੇ ਹੋਰ ਨੰਬਰਦਾਰ ਮੌਜ਼ੂਦ ਸਨ।