ਪੱਛਮ ਸੁਪਰਫਾਸਟ ਐਕਸਪ੍ਰੈਸ ਵਿਚ ਮਨੁੱਖਤਾ ਦੀ ਮਿਸਾਲ
ਪੱਛਮ ਸੁਪਰਫਾਸਟ ਐਕਸਪ੍ਰੈਸ ਵਿਚ ਮਨੁੱਖਤਾ ਦੀ ਮਿਸਾਲ
Publish Date: Fri, 13 Mar 2026 04:12 PM (IST)
Updated Date: Fri, 13 Mar 2026 04:15 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ ਨੇ ਆਪਣੀ ਡਿਊਟੀ ਦੇ ਨਾਲ-ਨਾਲ ਇਨਸਾਨੀਅਤ ਦਾ ਵੱਡਾ ਸਬੂਤ ਪੇਸ਼ ਕਰਦਿਆਂ ਇਕ ਨਾਬਾਲਗ ਬੱਚੀ ਨੂੰ ਮੁਸੀਬਤ ਤੋਂ ਬਚਾ ਕੇ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। 12 ਮਾਰਚ ਨੂੰ ਅੰਮ੍ਰਿਤਸਰ ਹੈੱਡਕੁਆਰਟਰ ਵਿਖੇ ਤਾਇਨਾਤ ਟਿਕਟ ਚੈਕਿੰਗ ਸਟਾਫ ਸਤੀਸ਼ ਕੁਮਾਰ ਮੀਣਾ ਅਤੇ ਮਨੀਸ਼ ਕੁਮਾਰ ਮੀਣਾ ਟਰੇਨ ਨੰਬਰ 12926 ਪੱਛਮ ਸੁਪਰਫਾਸਟ ਐਕਸਪ੍ਰੈਸ ਵਿਚ ਆਪਣੀ ਡਿਊਟੀ ਨਿਭਾ ਰਹੇ ਸਨ। ਸਲੀਪਰ ਕੋਚ ਵਿਚ ਚੈਕਿੰਗ ਦੌਰਾਨ ਉਨ੍ਹਾਂ ਦੀ ਨਜ਼ਰ ਇਕ 12-13 ਸਾਲ ਦੀ ਮਾਸੂਮ ਬੱਚੀ ’ਤੇ ਪਈ, ਜੋ ਇਕੱਲੀ ਸਫਰ ਕਰ ਰਹੀ ਸੀ ਅਤੇ ਉਸ ਕੋਲ ਕੋਈ ਟਿਕਟ ਵੀ ਨਹੀਂ ਸੀ। ਬੱਚੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੋਵਾਂ ਕਰਮਚਾਰੀਆਂ ਨੇ ਸੰਵੇਦਨਸ਼ੀਲਤਾ ਦਿਖਾਈ ਅਤੇ ਤੁਰੰਤ ਵਪਾਰਕ ਕੰਟਰੋਲ ਰੂਮ ਨਵੀਂ ਦਿੱਲੀ ਨਾਲ ਸੰਪਰਕ ਕੀਤਾ। ਬੱਚੀ ਨੂੰ ਸੁਰੱਖਿਅਤ ਤਰੀਕੇ ਨਾਲ ਨਵੀਂ ਦਿੱਲੀ ਸਟੇਸ਼ਨ ’ਤੇ ਮਹਿਲਾ ਆਰ.ਪੀ.ਐੱਫ. ਸਟਾਫ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਜੋ ਕਾਨੂੰਨੀ ਕਾਰਵਾਈ ਮੁਕੰਮਲ ਕਰਕੇ ਉਸ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੋਵਾਂ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਸਤੀਸ਼ ਕੁਮਾਰ ਤੇ ਮਨੀਸ਼ ਕੁਮਾਰ ਨੇ ਆਪਣੀ ਡਿਊਟੀ ਪ੍ਰਤੀ ਜੋ ਤੱਤਪਰਤਾ ਅਤੇ ਜ਼ਿੰਮੇਵਾਰੀ ਦਿਖਾਈ ਹੈ, ਉਸ ਨਾਲ ਰੇਲਵੇ ਦਾ ਅਕਸ ਹੋਰ ਉੱਚਾ ਹੋਇਆ ਹੈ। ਇਹ ਬਾਕੀ ਸਾਰੇ ਰੇਲ ਕਰਮਚਾਰੀਆਂ ਲਈ ਇਕ ਪ੍ਰੇਰਨਾਦਾਇਕ ਮਿਸਾਲ ਹੈ।