ਐਮਬਰੋਜ਼ੀਅਲ ਪਬਲਿਕ ਸਕੂਲ ਦੀ ਸਪੋਰਟਸ ਮੀਟ ਸ਼ੁਰੂ
ਜੋਸ਼ ਅਤੇ ਅਨੁਸ਼ਾਸਨ ਨਾਲ ਸ਼ੁਰੂ ਹੋਈ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੀ ਸਪੋਰਟਸ ਮੀਟ 2026–27
Publish Date: Mon, 20 Apr 2026 03:28 PM (IST)
Updated Date: Mon, 20 Apr 2026 03:30 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਚ ਸਾਲਾਨਾ ਸਪੋਰਟਸ ਮੀਟ 2026–27 ਦੀ ਸ਼ੁਰੂਆਤ ਬੜੇ ਹੀ ਜੋਸ਼ ਤੇ ਅਨੁਸ਼ਾਸਨ ਨਾਲ ਕੀਤੀ ਗਈ, ਜਿਸਦਾ ਉਦਘਾਟਨ ਚੇਅਰਮੈਨ ਸਤਨਾਮ ਸਿੰਘ ਬੁੱਟਰ ਵੱਲੋਂ ਕੀਤਾ ਗਿਆ। ਚੇਅਰਮੈਨ ਬੁੱਟਰ ਨੇ ਕਿਹਾ ਕਿ ਇਹ ਖੇਡ ਮੇਲਾ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ, ਟੀਮ ਵਰਕ ਅਤੇ ਖੇਡਾਂ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਸਪੋਰਟਸ ਮੀਟ ਦਾ ਆਗਾਜ਼ 20 ਅਪ੍ਰੈਲ ਨੂੰ 9ਵੀਂ ਜਮਾਤ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨਾਲ ਕੀਤਾ ਗਿਆ 21 ਅਪ੍ਰੈਲ ਨੂੰ ਨਰਸਰੀ ਤੋਂ ਦੂਸਰੀ ਜਮਾਤ, 22 ਅਪ੍ਰੈਲ ਨੂੰ ਤੀਸਰੀ ਤੋਂ 5ਵੀਂ ਜਮਾਤ ਅਤੇ 23 ਅਪ੍ਰੈਲ ਨੂੰ 6ਵੀਂ ਤੋਂ 8ਵੀਂ ਜਮਾਤਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਦੀ ਅਗਵਾਈ ਵਿਚ ਸਕੂਲ ਕੋਆਰਡੀਨੇਟਰ ਰੀਨਾ ਠਾਕੁਰ, ਅਨੁਪਮਾ ਠਾਕੁਰ, ਦਵਿੰਦਰ ਕੁਮਾਰ ਅਤੇ ਸੁਰਿੰਦਰ ਕਟੋਚ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਰੰਗ ਬਿਰੰਗੇ ਪਹਿਰਾਵਿਆਂ ਵਿਚ ਸੱਜੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਤੋਂ ਵਾਹ- ਵਾਹ ਖੱਟੀ ਅਤੇ ਉਨ੍ਹਾਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਦਿਆਰਥੀਆਂ ਵੱਲੋਂ ਮਸ਼ਾਲ ਨੂੰ ਗੌਰਵ ਨਾਲ ਲਿਜਾਇਆ ਗਿਆ,ਮਸ਼ਾਲ ਦੀ ਜੋਤ ਨੇ ਖੇਡਾਂ ਦੀ ਅਟੱਲ ਭਾਵਨਾ,ਏਕਤਾ ਅਤੇ ਜਜ਼ਬੇ ਦਾ ਪ੍ਰਤੀਕ ਬਣਕੇ ਸਭ ਵਿਚ ਨਵਾਂ ਉਤਸ਼ਾਹ ਭਰਿਆ।