ਨਿਮਰਤਾ ਤੇ ਮਿਲਵਰਤਣ ਦੀ ਮਿਸਾਲ ਸੀ ਅਮਨਦੀਪ ਸਿੰਘ ਨਾਗਪਾਲ
ਨਿਮਰਤਾ ਤੇ ਮਿਲਵਰਤਣ ਦੀ ਮਿਸਾਲ ਸੀ ਅਮਨਦੀਪ ਸਿੰਘ ਨਾਗਪਾਲ
Publish Date: Mon, 09 Feb 2026 03:56 PM (IST)
Updated Date: Mon, 09 Feb 2026 03:59 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਅੱਛੇ ਹਾਕੇ ਵਾਲਾ ਦੇ ਵਸਨੀਕ ਅਤੇ ਹਰਮਨ ਪਿਆਰੀ ਸ਼ਖਸੀਅਤ ਅਮਨਦੀਪ ਸਿੰਘ ਨਾਗਪਾਲ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਇਲਾਕੇ ਵਿੱਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਮਨਦੀਪ ਸਿੰਘ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੇ ਮਿਲਣਸਾਰ ਸੁਭਾਅ ਅਤੇ ਹਸਮੁੱਖ ਚਿਹਰੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੋਇਆ ਸੀ। ਅਮਨਦੀਪ ਸਿੰਘ ਨਾਗਪਾਲ ਦਾ ਜਨਮ 7 ਅਗਸਤ 1997 ਨੂੰ ਪਿਤਾ ਸੁਖਚੈਨ ਸਿੰਘ ਨਾਗਪਾਲ ਦੇ ਗ੍ਰਹਿ ਵਿਖੇ ਮਾਤਾ ਪਰਮਿੰਦਰ ਕੌਰ ਨਾਗਪਾਲ ਦੀ ਕੁੱਖੋਂ ਪਿੰਡ ਅੱਛੇ ਹਾਕੇ ਵਾਲਾ ਵਿਖੇ ਹੋਇਆ। ਬਚਪਨ ਤੋਂ ਹੀ ਉਹ ਸ਼ਾਂਤ ਚਿੱਤ ਅਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ, ਜਿੱਥੇ ਉਹ ਆਪਣੇ ਅਧਿਆਪਕਾਂ ਅਤੇ ਸਾਥੀਆਂ ਦੇ ਚਹੇਤੇ ਬਣੇ ਰਹੇ। ਦੋ ਭਰਾਵਾਂ ਵਿੱਚੋਂ ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਨਾਗਪਾਲ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਇਆ। ਉਹ ਆਪਣੀ ਜੀਵਨ ਸਾਥਣ ਕੋਮਲਪ੍ਰੀਤ ਕੌਰ ਪੁੱਤਰੀ ਮਹਿਲ ਸਿੰਘ ਵਾਸੀ ਦੁਲਚੀ ਕੇ ਨਾਲ ਇਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ। ਅਮਨਦੀਪ ਸਿੰਘ ਸਿਰਫ ਸਮਾਜਿਕ ਤੌਰ ’ਤੇ ਹੀ ਨਹੀਂ, ਬਲਕਿ ਕਾਰੋਬਾਰੀ ਖੇਤਰ ਵਿਚ ਵੀ ਕਾਫੀ ਮਿਹਨਤੀ ਸਨ। ਉਹ ਫੌਰਚੂਨ ਟੀਐੱਮਟੀ ਨਾਲ ਜੁੜੇ ਹੋਏ ਸਨ ਅਤੇ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਸਦਕਾ ਕਾਰੋਬਾਰੀ ਵਿਚ ਵੀ ਉਨ੍ਹਾਂ ਦਾ ਕਾਫੀ ਸਨਮਾਨ ਸੀ। ਬੀਤੀ 2 ਫਰਵਰੀ 2026 ਨੂੰ ਅਮਨਦੀਪ ਸਿੰਘ ਨਾਗਪਾਲ ਦਾ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਪਰਿਵਾਰ ਅਤੇ ਸਾਕ-ਸਬੰਧੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 10 ਫਰਵਰੀ 2026, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ, ਪਿੰਡ ਅੱਛੇ ਹਾਕੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਹੋਵੇਗੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਪਹੁੰਚ ਕੇ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ।