‘ਚਲਤੀ ਰਹੇ ਵੋ’ ਮੁਹਿੰਮ ਦਾ ਆਗਾਜ਼: ਔਰਤਾਂ ਨੂੰ ਮਿਲੇਗਾ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਮਸ਼ਵਰਾ
ਕੌਮਾਂਤਰੀ ਮਹਿਲਾ ਦਿਵਸ ’ਤੇ ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੀ ਵਿਸ਼ੇਸ਼ ਪਹਿਲ
Publish Date: Sat, 07 Mar 2026 05:54 PM (IST)
Updated Date: Sat, 07 Mar 2026 05:57 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਮਨਦੀਪ ਹਸਪਤਾਲ ਫਿਰੋਜ਼ਪੁਰ ਨੇ ਉਜਾਲਾ ਸਿਗਨਸ ਹੈੱਲਥ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਨੂੰ ਸਮਰਪਿਤ ਇਕ ਵਿਸ਼ੇਸ਼ ਮੁਹਿੰਮ ‘ਚਲਤੀ ਰਹੇ ਵੋ – ਮਹਿਲਾ ਜੋੜਾਂ ਦੀ ਸੰਭਾਲ ਹਫ਼ਤਾ’ ਦੀ ਸ਼ੁਰੂਆਤ ਕੀਤੀ ਹੈ। ਇਹ ਸਿਹਤ ਜਾਗਰੂਕਤਾ ਮੁਹੀਮ 8 ਮਾਰਚ ਤੋਂ 14 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਔਰਤਾਂ ਨੂੰ ਹੱਡੀਆਂ ਅਤੇ ਜੋੜਾਂ ਦੇ ਰੋਗਾਂ (ਆਰਥੋਪੈਡਿਕ) ਸਬੰਧੀ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਦਿੱਤੀ ਜਾਵੇਗੀ। ਇਸ ਹਫ਼ਤੇ ਦੌਰਾਨ ਗੋਡਿਆਂ ਦੇ ਦਰਦ, ਪਿੱਠ ਦਰਦ, ਕੂਲ੍ਹੇ ਦੀ ਤਕਲੀਫ਼, ਗਠੀਆ, ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੀਆਂ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਅਮਨਦੀਪ ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਔਰਤਾਂ ਹਰ ਪਰਿਵਾਰ ਦੀ ਰੀੜ੍ਹ ਹੁੰਦੀਆਂ ਹਨ, ਪਰ ਉਹ ਅਕਸਰ ਜੋੜਾਂ ਅਤੇ ਪਿੱਠ ਦੇ ਦਰਦ ਨੂੰ ਸ਼ੁਰੂਆਤੀ ਪੜਾਅ ’ਤੇ ਨਜ਼ਰ ਅੰਦਾਜ਼ ਕਰਦੀਆਂ ਹਨ। ਜੇਕਰ ਸਮੇਂ ਸਿਰ ਜਾਂਚ ਹੋ ਜਾਵੇ ਤਾਂ ਵੱਡੀਆਂ ਸਰਜਰੀਆਂ ਅਤੇ ਅਪਾਹਜਤਾ ਤੋਂ ਬਚਿਆ ਜਾ ਸਕਦਾ ਹੈ। ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ‘ਚਲਤੀ ਰਹੇ ਵੋ’ ਮੁਹਿੰਮ ਦਾ ਮਕਸਦ ਔਰਤਾਂ ਨੂੰ ਦਰਦ-ਮੁਕਤ ਅਤੇ ਸਰਗਰਮ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ। ਕੰਸਲਟੈਂਟ ਆਰਥੋਪੈਡਿਕ ਸਰਜਨ ਡਾ. ਤਰੁਣ ਬਹਿਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਫ਼ਤੇ ਦੌਰਾਨ ਹਸਪਤਾਲ ਆ ਕੇ ਆਪਣੀ ਜਾਂਚ ਕਰਵਾਉਣ ਅਤੇ ਸਹੀ ਖੁਰਾਕ ਤੇ ਜੀਵਨ ਸ਼ੈਲੀ ਬਾਰੇ ਸਲਾਹ ਲੈਣ। ਜ਼ਿਕਰਯੋਗ ਹੈ ਕਿ ਅਮਨਦੀਪ ਗਰੁੱਪ ਅੱਜ ਇਕ ਵੱਡਾ ਸਿਹਤ ਸੇਵਾ ਨੈੱਟਵਰਕ ਬਣ ਚੁੱਕਾ ਹੈ, ਜਿਸ ਕੋਲ 6 ਵੱਖ-ਵੱਖ ਥਾਵਾਂ ’ਤੇ 750 ਤੋਂ ਵੱਧ ਬੈੱਡ ਅਤੇ 170 ਤੋਂ ਵੱਧ ਮਾਹਿਰ ਡਾਕਟਰਾਂ ਦੀ ਟੀਮ ਹੈ। ਹੁਣ ਤੱਕ ਇਹ ਸਮੂਹ 25 ਲੱਖ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰਕੇ ਉਨ੍ਹਾਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆ ਚੁੱਕਾ ਹੈ।