ਸਾਇਰਨ ਦੀ ਗੂੰਜ ਨਾਲ ਪਰਖੀ ਜਾਵੇਗੀ ਸਿਵਲ ਡਿਫੈਂਸ ਦੀ ਤਿਆਰੀ
ਪੰਜਾਬ ਭਰ ਵਿੱਚ 24 ਅਪ੍ਰੈਲ ਨੂੰ ਹੋਵੇਗੀ 'ਏਅਰ ਰੇਡ' ਅਤੇ 'ਬਲੈਕਆਊਟ' ਮੌਕ ਡਰਿੱਲ
Publish Date: Wed, 22 Apr 2026 07:07 PM (IST)
Updated Date: Wed, 22 Apr 2026 07:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਭਰ ਦੇ ਸਮੂਹ ਜ਼ਿਲ੍ਹਿਆਂ ਵਿਚ 24 ਅਪ੍ਰੈਲ ਰਾਤ ਅੱਠ ਵਜੇ ਸਿਵਲ ਡਿਫੈਂਸ ਏਅਰਰੇਡ ਅਤੇ ਬਲੈਕ ਆਉਟ ਐਕਸਸਾਈਜ਼ ਕਰਵਾਈ ਜਾਏਗੀ। ਇਸ ਬਾਬਤ ਸੂਬੇ ਦੇ ਸਬੰਧਤ ਵਿਭਾਗਾਂ ਤੋਂ ਇਲਾਵਾ ਆਮ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਪੰਜਾਬ ਨੂੰ ਵੀ ਉਚੇਚੇ ਤੌਰ ’ਤੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਇਕ ਮੀਟਿੰਗ ਚੀਫ ਵਾਰਡਨ ਸਿਵਲ ਡਿਫੈਂਸ ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਵਿਚ ਸਥਾਨਕ ਸਿਵਲ ਡਿਫੈਂਸ ਦਫਤਰ ਵਿਖੇ ਕੀਤੀ ਗਈ। ਇਸ ਵਿਚ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਤੋਂ ਇਲਾਵਾ ਸਮੂਹ ਪੋਸਟ ਵਾਰਡਨਜ਼ ਅਤੇ ਸੈਕਟਰ ਵਾਰਡਨਜ਼ ਵੱਲੋਂ ਭਾਗ ਲਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਂਦੀ 24 ਅਪ੍ਰੈਲ ਨੂੰ ਰਾਤ 8:00 ਵਜੇ ਪੂਰੇ ਸੂਬੇ ਵਿੱਚ ਇੱਕ ਵਿਸ਼ੇਸ਼ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਹਾਲਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਜ਼ਿਲ੍ਹਾ ਸਿਵਲ ਡਿਫੈਂਸ ਕੰਟਰੋਲਰ ਦੀਆਂ ਹਦਾਇਤਾਂ ’ਤੇ ਇਸ ਮੌਕ ਡਰਿੱਲ ਦੀਆਂ ਤਿਆਰੀਆਂ ਸਬੰਧੀ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਅਤੇ ਹੋਮ ਗਾਰਡਜ਼ ਦੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਦੀ ਅਗੁਵਾਈ ਵਿਚ ਸਥਾਨਕ ਸਿਵਲ ਡਿਫੈਂਸ ਦਫਤਰ ਵਿਖੇ ਹੋਈ। ਇਸ ਵਿੱਚ ਸਿਵਲ ਡਿਫੈਂਸ ਦੇ ਸਮੂਹ ਪੋਸਟ ਵਾਰਡਨਜ਼, ਸੈਕਟਰ ਵਾਰਡਨਜ਼ ਅਤੇ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਮੀਟਿੰਗ ਵਿੱਚ ਸਿਵਲ ਡਿਫੈਂਸ ਵਾਰਡਨਜ਼ ਦੀਆਂ ਡਿਊਟੀਆਂ ਲਾਈਆਂ ਗਈਆਂ। ਉਧਰ ਸਥਾਨਕ ਸਿਵਲ ਡਿਫੈਂਸ ਦਫਤਰ ਵਿਖੇ ਐਕਸਰਸਾਈਜ਼ ਸਬੰਧੀ ਹਦਾਇਤਾਂ ਬਾਰੇ ਦੱਸਦਿਆਂ ਜ਼ਿਲ੍ਹਾਂ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ (ਹਵਾਈ ਹਮਲੇ ਦੀ ਚੇਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 2 ਮਿੰਟਾਂ ਲਈ ਉੱਚੀ-ਨੀਵੀਂ ਪਿੱਚ ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਚੁਣੇ ਗਏ ਖੇਤਰਾਂ ਵਿੱਚ ਮੁਕੰਮਲ ਬਲੈਕ ਆਊਟ ਲਾਗੂ ਕੀਤਾ ਜਾਵੇਗਾ। ਫਿਰੋਜ਼ਪੁਰ ਦੀ ਇਹ ਐਕਸਰਸਾਈਜ਼ ਸ਼ਹਿਰ ਦੇ ਬੱਸ ਅੱਡੇ ਵਿੱਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਅਭਿਆਸ ਖ਼ਤਮ ਹੋਣ ਤੇ ਆਲ ਕਲੀਅਰ ਦਾ ਸੰਕੇਤ ਦਿੱਤਾ ਜਾਵੇਗਾ, ਜੋ ਕਿ 2 ਮਿੰਟਾਂ ਲਈ ਲਗਾਤਾਰ ਉੱਚੀ ਪਿੱਚ ਤੇ ਵੱਜਣ ਵਾਲਾ ਸਾਇਰਨ ਹੋਵੇਗਾ। ਕਈ ਰਾਹਤ ਕਾਰਜਾਂ ਦਾ ਵੀ ਹੋਵੇਗਾ ਨਕਲੀ ਅਭਿਆਸ ਇਸ ਮੌਕ ਐਕਸਰਸਾਈਜ਼ ਦੌਰਾਨ ਕੇਵਲ ਬਲੈਕ ਆਊਟ ਹੀ ਨਹੀਂ, ਸਗੋਂ ਕਈ ਰਾਹਤ ਕਾਰਜਾਂ ਦਾ ਵੀ ਨਕਲੀ ਅਭਿਆਸ ਕੀਤਾ ਜਾਵੇਗਾ। ਇਸ ਵਿੱਚ ਮੁੱਖ ਤੌਰ ਤੇ ਸਿਵਲ ਡਿਫੈਂਸ ਵਿਭਾਗ ਵੱਲੋਂ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਇੱਕ ਨਿਯਮਤ ਅਭਿਆਸ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਪੈਨਿਕ ਵਿੱਚ ਆਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰਾਂ-ਕਮ-ਕੰਟਰੋਲਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਸੂਬੇ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾ ਸਕੇ।