- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ ਪ੍ਰਕ੍ਰਿਆ ਸ਼ੁਰੂ

ਰਜਿਸਟਰੇਸ਼ਨ 20 ਜਨਵਰੀ ਤੱਕ, 1 ਮਾਰਚ ਨੂੰ ਹੋਵੇਗੀ ਸਾਂਝੀ ਪ੍ਰਵੇਸ਼ ਪ੍ਰੀਖਿਆ
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਸਟੇਟ ਕੌਂਸਲ ਆਫ ਸਾਇੰਸ ਅਤੇ ਟੈਕਨਾਲੋਜੀ ਪੰਜਾਬ ਵੱਲੋਂ ਸੈਸ਼ਨ 2026-27 ਲਈ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿਚ ਜਮਾਤ 9ਵੀਂ ਅਤੇ 11ਵੀਂ ਵਿੱਚ ਦਾਖ਼ਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ 1 ਮਾਰਚ 2026 ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਆਨਲਾਈਨ ਰਜਿਸਟਰੇਸ਼ਨ 03 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ,ਜੋ 20 ਜਨਵਰੀ 2026 ਤੱਕ ਜਾਰੀ ਰਹੇਗੀ। ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ, ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਮੌਜ਼ੂਦਾ ਸਮੇਂ ਜਮਾਤ 8ਵੀਂ ਅਤੇ 10ਵੀਂ ਵਿਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰਵੇਸ਼ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਸਫ਼ਲ ਵਿਦਿਆਰਥੀਆਂ ਨੂੰ ਸੈਸ਼ਨ 2026-27 ਦੌਰਾਨ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿਚ ਕਲਾਸ 9ਵੀਂ ਅਤੇ 11ਵੀਂ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ 11ਵੀ ਜਮਾਤ ਵਿਚ ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਵਿਸ਼ੇ ਵਿਚ ਦਾਖ਼ਲੇ ਲਈ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀ ਇਹ ਪ੍ਰਵੇਸ਼ ਪ੍ਰੀਖਿਆ ਦੇ ਸਕਦੇ ਹਨ ਤੇ ਸਕੂਲ ਵਿੱਚ ਮੁਫਤ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ, ਸਕੂਲ ਵਿਚ ਸ਼ਾਨਦਾਰ ਬੁਨਿਆਦੀ ਢਾਂਚਾ ਅਤੇ ਲੜਕੇ ਅਤੇ ਲੜਕੀਆਂ ਲਈ ਅਲੱਗ ਮੂਫਤ ਹੋਸਟਲ ਦੀ ਸਹੂਲਤ ਵੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਵਿਦਿਆਰਥੀ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ । ਰਜਿਸਟਰੇਸ਼ਨ ਦੌਰਾਨ ਫਾਰਮ ਭਰਨ ਤੋਂ ਬਾਅਦ ਮੋਬਾਈਲ ਨੰਬਰ ਅਤੇ ਈ-ਮੇਲ ’ਤੇ ਓਟੀਪੀ ਭੇਜਿਆ ਜਾਵੇਗਾ।
ਓਟੀਪੀ ਦੀ ਪੁਸ਼ਟੀ ਉਪਰੰਤ ਅਰਜ਼ੀ ਨੰਬਰ ਜਾਰੀ ਕੀਤਾ ਜਾਵੇਗਾ, ਜਿਸਨੂੰ ਭਵਿੱਖ ਲਈ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ। ਫੋਟੋ, ਦਸਤਖ਼ਤ ਅਤੇ ਹੋਰ ਲੋੜੀਂਦੀ ਜਾਣਕਾਰੀ ਭਰ ਕੇ ਫਾਈਨਲ ਸਬਮਿਟ ਕਰਨਾ ਲਾਜ਼ਮੀ ਹੈ, ਨਹੀਂ ਤਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ। ਵਿਭਾਗ ਵੱਲੋਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਦਾਖ਼ਲੇ ਲਈ ਯੋਗ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਸੀਬੀਐੱਸਈ, ਆਈਸੀਐੱਸਈ ਅਤੇ ਹੋਰ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀ ਵੀ ਇਸ ਪ੍ਰਵੇਸ਼ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਡਾ. ਸਤਿੰਦਰ ਸਿੰਘ ਜੀ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਪਿਛਲੇ ਦਸ ਸਾਲਾਂ ਤੋਂ ਚੱਲ ਰਿਹਾ ਮੈਰੀਟੋਰੀਅਸ ਸਕੂਲ ਹਰ ਸਾਲ ਸ਼ਾਨਦਾਰ ਨਤੀਜੇ ਲੈ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਰਿਹਾ ਹੈ। ਇਥੋਂ ਹਰ ਸਾਲ ਵਿਦਿਆਰਥੀ ਜੇ.ਈ ਈ ਅਡਵਾਂਸ, ਨੀਟ, ਸੀਐੱਮਏ ਤੇ ਸੀਏ ਵਰਗੇ ਵੱਕਾਰੀ ਇਮਤਿਹਾਨ ਪਾਸ ਕਰਕੇ ਸਫਲਤਾ ਦੇ ਮੁਕਾਮ ਹਾਸਿਲ ਕਰ ਚੁੱਕੇ ਹਨ। ਇਸ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਬਣਾਉਣ ਤਾਂ ਕੇ ਭਵਿੱਖ ਵਿਚ ਚੰਗੀਆਂ ਪ੍ਰਾਪਤੀਆਂ ਦੇ ਰਾਹ ਪੈ ਸਕਣ।