ਸਰਕਾਰੀ ਸਕੂਲਾਂ ਦੀਆਂ ਮੁਫ਼ਤ ਸਹੂਲਤਾਂ ਬਾਰੇ ਮਾਪਿਆਂ ਨੂੰ ਕੀਤਾ ਜਾਗਰੂਕ
ਬੀਪੀਈਓ ਰਾਜਨ ਨਰੂਲਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਵਿਚ ਦਾਖਲਾ ਅਭਿਆਨ ਨੂੰ ਮਿਲੀ ਨਵੀਂ ਰਫ਼ਤਾਰ
Publish Date: Fri, 27 Feb 2026 03:46 PM (IST)
Updated Date: Fri, 27 Feb 2026 03:49 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਥੇ ਬਲਾਕ ਦੇ ਸਾਰੇ ਸਕੂਲਾਂ ਵਿਚ ਦਾਖਲਾ ਮੁਹਿੰਮ ਤੇ ਅਧਿਆਪਕ ਸਾਹਿਬਾਨ ਵਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਦੇ ਸਟਾਫ ਨਾਲ ਮਿਲ ਕੇ ਪਿੰਡ ਵਿੱਚ ਵਿਸ਼ੇਸ਼ ਦਾਖਲਾ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਕਈ ਲਾਭਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਬੀਪੀਈਓ ਰਾਜਨ ਨਰੂਲਾ ਅਤੇ ਸਮੂਹ ਸਟਾਫ ਨੇ ਮਾਪਿਆਂ ਨੂੰ ਜਾਣੂ ਕਰਵਾਇਆ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ, ਮਿਡ-ਡੇ ਮੀਲ, ਸਕਾਲਰਸ਼ਿਪਾਂ ਅਤੇ ਹੋਰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਕੂਲਾਂ ਵਿਚ ਸਮਾਰਟ ਕਲਾਸਰੂਮ, ਸੁੱਚਾ ਅਤੇ ਸੁਰੱਖਿਅਤ ਵਾਤਾਵਰਣ, ਖੇਡ ਸਮੱਗਰੀ ਅਤੇ ਗੁਣਵੱਤਾ ਯੁਕਤ ਅਧਿਆਪਕ ਉਪਲਬਧ ਹਨ। ਇਸ ਮੌਕੇ ਸਕੂਲ ਮੁਖੀ ਪਰਮਿੰਦਰਜੀਤ ਕੌਰ ਨੇ ਕਿਹਾ ਕਿ ਸਕੂਲ ਸਟਾਫ ਹਮੇਸ਼ਾਂ ਬੱਚਿਆਂ ਦੀ ਪੜ੍ਹਾਈ ਅਤੇ ਚੰਗੀ ਪਰਵਿਰਸ਼ ਲਈ ਵਚਨਬੱਧ ਹੈ। ਐੱਸਐੱਮਸੀ ਕਮੇਟੀ ਦੇ ਚੇਅਰਮੈਨ ਤੇਜਿੰਦਰ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ’ਤੇ ਭਰੋਸਾ ਕਰਨ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ। ਸਕੂਲ ਦੇ ਸਟਾਫ ਮੈਂਬਰਾਂ ਵਿੱਚੋਂ ਪਰਮਿੰਦਰ, ਕਾਜਲ, ਮੀਨਾਕਸ਼ੀ, ਬਲਜਿੰਦਰ, ਹੀਨਾ, ਮੋਨਿਕਾ ਅਤੇ ਅਧਿਆਪਕ ਗੁਰਮੇਜ ਸਿੰਘ ਨੇ ਵੀ ਇਸ ਮੁਹਿੰਮ ਵਿਚ ਭਾਗ ਲਿਆ।