ਜ਼ਿਲ੍ਹੇ ਅੰਦਰ ਨਵੇਂ ਬਣਨ ਵਾਲੇ 8 ਆਮ ਆਦਮੀ ਕਲੀਨਿਕ ਬਾਰੇ ਕੀਤਾ ਵਿਚਾਰ-ਵਟਾਂਦਰਾ
ਵਧੀਕ ਡਿਪਟੀ ਕਮਿਸ਼ਨਰ (ਵਿ) ਨੇ ਵੱਖ-ਵੱਖ ਸਿਹਤ ਯੋਜਨਾਵਾਂ ਅਤੇ ਐੱਚਪੀਵੀ ਟੀਕਾਕਰਨ ਦੀ ਤਿਆਰੀਆਂ ਦੀ ਕੀਤੀ ਸਮੀਖਿਆ
Publish Date: Tue, 03 Mar 2026 03:33 PM (IST)
Updated Date: Tue, 03 Mar 2026 03:35 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਕ੍ਰਿਸ਼ਨਾ ਪਾਲ ਰਾਜਪੂਤ ਦੀ ਅਗਵਾਈ ਵਿਚ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ, ਐੱਚਪੀਵੀ (ਹੂਮਨ ਪੈਪੀਲੋਮਾ ਵਾਇਰਸ) ਟੀਕਾਕਰਨ ਮੁਹਿੰਮ ਸਬੰਧੀ ਆਯੋਜਿਤ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਵੀ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਅੰਦਰ ਬਣਨ ਵਾਲੇ 8 ਨਵੇਂ ਆਮ ਆਦਮੀ ਕਲੀਨਿਕ ਬਾਰੇ ਅਤੇ ਚੱਲ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ, ਐੱਚਪੀਵੀ ਟੀਕਾਕਰਨ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ 14 ਸਾਲ ਦੀਆਂ ਲੜਕੀਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਸਰਵਾਈਕਲ ਕੈਂਸਰ) ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਲਗਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਟੀਕਾਕਰਨ ਮੁਹਿੰਮ 3 ਮਹੀਨੇ (90 ਦਿਨ) ਲਈ ਚਲਾਈ ਜਾਵੇਗੀ ਅਤੇ ਸਿਰਫ਼ ਉਹਨਾਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕਰਵਾਈ ਜਾਵੇਗੀ ਜਿੱਥੇ ਕੋਲਡ ਚੇਨ ਪੌਇੰਟ, ਇੰਟਰਨੈਟ ਸੁਵਿਧਾ ਅਤੇ ਮਾਹਿਰ ਸਟਾਫ ਉਪਲਬੱਧ ਹੋਵੇ। ਟੀਕਾਕਰਨ ਤੋਂ ਬਾਅਦ ਲਾਭਪਾਤਰੀ ਨੂੰ 30 ਮਿੰਟ ਨਿਗਰਾਨੀ ਹੇਠ ਰੱਖਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਹੋਰ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਮਾਈਕ੍ਰੋਪਲਾਨਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਟੀਕਾਕਰਨ ਮੁਹਿੰਮ ਦਾ ਲਾਭ ਸਮੇਂ ਸਿਰ ਪ੍ਰਾਪਤ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿਚ ਸਿੱਖਿਆ, ਮਹਿਲਾ ਅਤੇ ਬਾਲ ਵਿਕਾਸ, ਪੰਚਾਇਤੀ ਰਾਜ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਵੱਧ ਤੋਂ ਵੱਧ ਕਵਰੇਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਕਿ ਭਵਿੱਖ ਵਿਚ ਸਰਵਾਈਕਲ ਕੈਂਸਰ ਤੋਂ ਸੁਰੱਖਿਆ ਮਿਲ ਸਕੇ। ਮੀਟਿੰਗ ਵਿਚ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮੁਨੀਲਾ ਅਰੋੜਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਢੀਂਗਰਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।