- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ ਦੇ ਆਪਣਿਆਂ’ ਨੇ ਆਪਣੀ ਹੀ ਡੀਸੀ ਦੇ ਦਫਤਰ ਬਾਹਰ ਲਾਇਆ ਧਰਨਾ

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੋਮਵਾਰ ਦੁਪਹਿਰ ਸਮੇਂ ਉਸ ਵੇਲੇ ਹੰਗਾਮ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਡਾਇਰੈਕਟਰ ਐਗਰੀਕਲਚਰ ਸੁਖਰਾਜ ਸਿੰਘ ਗੋਰਾ ਨੇ ਸਥਾਨਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਫਤਰ ਦੇ ਬਾਹਰ ਧਰਨ ਲਗਾ ਦਿੱਤਾ। ਸੁਖਰਾਜ ਗੋਰਾ ਦਾ ਦੋਸ਼ ਸੀ ਕਿ ਆਪਣੇ ਹਲਕੇ ਦੇ ਵਰਕਰਾਂ ਦੇ ਕਿਸੇ ਕੰਮ ਲਈ ਜਦੋਂ ਉਹ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਨਿਧੀ ਕੁਮੰਦ ਬਾਂਬਾ ਦੇ ਦਫਤਰ ਗਏ ਤਾਂ ਉਨ੍ਹਾਂ ਨੂੰ ਜਲੀਲ ਕੀਤਾ ਗਿਆ। ਧਰਨੇ ’ਤੇ ਬੈਠੇ ਸੁਖਰਾਜ ਸਿੰਘ ਗੋਰਾ ਨੇ ਲਾਈਵ ਹੋ ਕੇ ਆਪਣੇ ਸਮਰਥਕਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਧਰਨੇ ’ਤੇ ਪਹੁੰਚਣ ਲਈ ਵੀ ਆਖਿਆ। ਉਨ੍ਹਾਂ ਦੋਸ਼ ਲਗਾਏ ਕਿ ਉਹ ਅਸਲਾ ਲਾਇਸੰਸਾਂ ਦੇ ਕੰਮ ਲਈ ਜਦੋਂ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਤਾਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਸੁਨੇਹਾ ਮਿਲਿਆ ਕਿ ਉਹ ਮਸਰੂਫ ਹਨ, ਤੁਸੀ ਏਡੀਸੀ ਡਾ. ਨਿਧੀ ਬਾਂਬਾ ਨੂੰ ਮਿਲ ਲਓ। ਗੋਰਾ ਨੇ ਦੋਸ਼ ਲਗਾਏ ਕਿ ਏਡੀਸੀ ਦਾ ਵਿਹਾਰ ਇਸ ਤਰਾਂ ਦਾ ਸੀ ਕੋਈ ਇਜੱਤ ਵਾਲਾ ਬੰਦਾ ਸੁਣ ਵੀ ਨਹੀਂ ਸਕਦਾ, ਇਸ ਲਈ ਮੈਂ ਉਠ ਕੇ ਆ ਗਿਆ, ਹੁਣ ਮੈਂ ਮੁੱਖ ਮੰਤਰੀ ਤੱਕ ਪਹੁੰਚ ਕਰੂੰਗਾ। ਗੋਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਹਲਕਾ ਵਿਧਾਇਕ ਰਜਨੀਸ਼ ਦਹੀਆ ਦੇ ਧਿਆਨ ਵਿਚ ਉਪਰੋਕਤ ਮਾਮਲਾ ਲਿਆਂਦਾ ਤਾਂ ਉਨ੍ਹਾਂ ਡੀਸੀ ਨੂੰ ਮਿਲਣ ਲਈ ਆਖਿਆ, ਪਰ ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ।