ਮਮਦੋਟ ਦੇ ਪਿੰਡ ਘੋੜਾ ਚੱਕ ਦੇ ਨੌਜਵਾਨ ਦੀ ਮੋਗਾ ਵਿਖੇ ਸੜਕ ਹਾਦਸੇ ’ਚ ਮੌਤ
ਮਮਦੋਟ ਦੇ ਪਿੰਡ ਘੋੜਾ ਚੱਕ ਦੇ ਨੌਜਵਾਨ ਦੀ ਮੋਗਾ ਵਿਖੇ ਸੜਕ ਹਾਦਸੇ ’ਚ ਮੌਤ
Publish Date: Sat, 31 Jan 2026 05:16 PM (IST)
Updated Date: Sat, 31 Jan 2026 05:19 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ/ਫਿਰੋਜ਼ਪੁਰ : ਮੋਗਾ ਦੇ ਜਲੰਧਰ-ਬਰਨਾਲਾ ਬਾਈਪਾਸ ’ਤੇ ਬੀਤੇ ਦਿਨ ਸੜਕ ਹਾਦਸੇ ਵਿਚ ਮਾਰਿਆ ਗਿਆ ਕੈਬ ਡਰਾਈਵਰ ਮਨਪ੍ਰੀਤ ਸਿੰਘ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਘੋੜਾ ਚੱਕ ਦਾ ਰਹਿਣ ਵਾਲਾ ਸੀ। ਇਸ ਹਾਦਸੇ ਦਾ ਸੱਭ ਤੋਂ ਦਰਦ ਭਰਿਆ ਪਹਿਲੂ ਇਹ ਸੀ ਮਨਪ੍ਰੀਤ ਦਾ ਅਜੇ ਡੇਢ ਕੁ ਸਾਲ ਪਹਿਲੋਂ ਵਿਆਹ ਹੋਇਆ ਸੀ ਅਤੇ ਉਸ ਦੀ ਮਹਿਜ਼ ਚਾਰ ਸਾਲ ਦੀ ਮਾਸੂਮ ਬੱਚੀ ਵੀ ਹੈ। ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ਅਤੇ ਲੋਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਦੱਸਣਯੋਗ ਹੈ ਕਿ ਸਰਹੱਦੀ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਘੋੜਾ ਚੱਕ ਦੇ ਇਕ ਨੌਜਵਾਨ ਮਨਪ੍ਰੀਤ ਸਿੰਘ ਦੀ ਮੋਗਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮੋਗਾ ਦੇ ਜਲੰਧਰ-ਬਰਨਾਲਾ ਬਾਈਪਾਸ ’ਤੇ ਉਸ ਵੇਲੇ ਵਾਪਰਿਆ ਜਦੋਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਜੋ ਕਿ ਪਿੰਡ ਘੋੜਾ ਚੱਕ ਦਾ ਰਹਿਣ ਵਾਲਾ ਸੀ, ਆਪਣੇ ਇਕ ਸਾਥੀ ਮਨਦੀਪ ਸਿੰਘ ਵਾਸੀ ਮੱਤੜ ਹਿਠਾੜ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਮੋਗਾ ਦੇ ਬਾਈਪਾਸ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਤੇਜ਼ ਰਫ਼ਤਾਰ ਨਾਲ ਡਿਵਾਈਡਰ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਮਨਦੀਪ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੇ ਮ੍ਰਿਤਕ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਦਾ ਵਿਆਹ ਅਜੇ ਸਿਰਫ਼ ਡੇਢ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਮਹਿਜ਼ ਚਾਰ ਮਹੀਨਿਆਂ ਦੀ ਮਾਸੂਮ ਬੱਚੀ ਛੱਡ ਗਿਆ ਹੈ।ਮ੍ਰਿਤਕ ਦੇ ਪਿੰਡ ਜਾ ਕੇ ਪਤਾ ਲੱਗਾ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਦਾ ਇਕ ਛੋਟਾ ਭਰਾ 20 ਸਾਲ ਦਾ ਹੈ। ਮਨਪ੍ਰੀਤ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ। ਇਕ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਇਸ ਮੰਦਭਾਗੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।