ਸਿਹਤ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਹਜ਼ਾਰਾ ਸਿੰਘ ਵਾਲਾ ਦਾ ਦੌਰਾ
ਸਿਹਤ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਕੀਤਾ ਦੌਰਾ
Publish Date: Tue, 03 Mar 2026 04:40 PM (IST)
Updated Date: Tue, 03 Mar 2026 04:44 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੂਸ਼ਿਤ ਪਾਣੀ ਕਰਕੇ ਪਿੰਡ ਹਜ਼ਾਰਾ ਸਿੰਘ ਵਿੱਚ ਫੈਲੀ ਲੈਪਟੋਸਪਾਈਰੋਸੀਸ ਬਿਮਾਰੀ ਦੇ ਸਬੰਧ ਵਿਚ ਸਿਹਤ ਵਿਭਾਗ ਦੇ ਹੈੱਡ ਕੁਆਟਰ ਚੰਡੀਗੜ੍ਹ ਤੋਂ ਆਈ ਟੀਮ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਲਿੰਦਿਆ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਸਟੇਟ ਐਪੀਡਮੋਲੋਜਿਸਟ ਆਈਡੀਐੱਸਪੀ ਡਾ. ਦਿਪਤੀ ਸ਼ਰਮਾ ਅਤੇ ਸਟੇਟ ਵੈਟਰਨਰੀ ਕੰਸਲਟੈਂਟ ਡਾ. ਨਵਜੋਤ ਕੌਰ ਤੇ ਅਧਾਰਿਤ ਟੀਮ ਵੱਲੋਂ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ, ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਯੁਵਰਾਜ ਨਾਰੰਗ, ਡਾ. ਸਮਿੰਦਰ ਕੌਰ ਨਾਲ ਰਿਵਿਊ ਮੀਟਿੰਗ ਵੀ ਕੀਤੀ। ਟੀਮ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ, ਪਸ਼ੂ ਪਾਲਣ ਵਿਭਾਗ ਨਾਲ ਮੀਟਿੰਗ ਕਰਕੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਘਰਾਂ ਚ ਜਾ ਕੇ ਹਾਲ-ਚਾਲ ਜਾਣਿਆ ਗਿਆ ਅਤੇ ਇਸ ਬਿਮਾਰੀ ਤੋਂ ਬਚਾਓ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ-ਨਾਲ ਜਾਗਰੂਕਤਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਟੀਮ ਵੱਲੋਂ ਪਿੰਡ ਦੇ ਵਿਚ ਪਰਚੂਨ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੈਕਡ ਭੋਜਨ ਦੇ ਪੈਕਟ ਵੀ ਧੋ ਕੇ ਵੇਚਣ ਦੀ ਹਦਾਇਤ ਕੀਤੀ ਗਈ।