ਹਵਨ ਕੁੰਡ ’ਚੋਂ ਉੱਠੀ ਚਿੰਗਾਰੀ ਨੇ ਸਾੜੀ ਪੰਜ ਏਕੜ ਕਣਕ ਤੇ ਨਾੜ
ਹਵਨ ਕੁੰਡ ’ਚੋਂ ਉੱਠੀ ਚਿੰਗਾਰੀ ਨੇ ਸਾੜੀ ਕਣਕ ’ਤੇ ਨਾੜ
Publish Date: Sun, 19 Apr 2026 06:39 PM (IST)
Updated Date: Sun, 19 Apr 2026 06:42 PM (IST)

ਹਰਚਰਨ ਸਿੰਘ ਸਾਮਾ,ਪੰਜਾਬੀ ਜਾਗਰਣ ਫਿਰੋਜ਼ਪੁਰ ; ਇਲਾਕੇ ਦੇ ਇਕ ਮਸ਼ਹੂਰ ਉਦਯੋਗਪਤੀ ਵੱਲੋਂ ਨਵੀਂ ਕਲੋਨੀ ਦੀ ਕੀਤੀ ਜਾ ਰਹੀ ਧਰਤੀ ਪੂਜਣ ਮੋਕੇ ਹਵਨ ਕੁੰਡ ਵਿੱਚੋਂ ਨਿਕਲੀ ਅੱਗ ਦੀ ਇਕ ਚਿੰਗਿਆੜੀ ਨੇ ਨਾਲ ਦੇ ਖੇਤਾਂ ਵਿੱਚ ਕਣਕ ਨੂੰ ਅੱਗ ਦੇ ਭਾਂਜੜਾਂ ਵਿੱਚ ਬਦਲ ਦਿੱਤਾ। ਵੇਖਦਿਆਂ ਹੀ ਵੇਖਦਿਆਂ ਕਣਕ ਦੇ ਕਈ ਖੇਤ ਅਤੇ ਕਈ ਖੇਤਾਂ ਦਾ ਨਾੜ ਅੱਗ ਦੀ ਲਪੇਟ ਵਿੱਚ ਆ ਗਿਆ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ।ਉਸ ਵੇਲੇ ਤੱਕ ਕਣਕ ਦੀ ਕਰੀਬ ਪੰਜ ਏਕੜ ਕਣਕ ਅਤੇ ਕੁੱਝ ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਬੀਤੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਇਹ ਘਟਨਾ ਫਿਰੋਜ਼ਪੁਰ ਦੇ ਮੋਗਾ ਰੋਡ ’ਤੇ ਬਣ ਰਹੇ ਪੀਜੀਆਈ ਦੇ ਸਾਹਮਣੇ ਪਾਸੇ ਪਿੰਡ ਬਜੀਦਪੁਰ ਦੇ ਰਕਬੇ ਦੀ ਹੈ। ਜਿਕਰਯੋਗ ਹੈ ਕਿ ਪਿੰਡ ਬਜੀਦਪੁਰ ਦੇ ਕਿਸਾਨ ਮੇਵਾ ਸਿੰਘ ਦੀ ਜ਼ਮੀਨ ਦਾ ਇਹ ਰਕਬਾ ਹੈਰੀਟੇਜ਼ ਪੈਲੇਸ ਵਾਲੇ ਪਾਸੇ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਕਬੇ ਵਿਚ ਹੀ ਇਲਾਕੇ ਦੇ ਇਕ ਮਸ਼ਹੂਰ ਉਦਯੋਗਪਤੀ ਵੱਲੋਂ ਕਰੀਬ 10 ਏਕੜ ਵਿਚ ਇਕ ਕਲੋਨੀ ਬਣਾਈ ਜਾ ਰਹੀ ਹੈ। ਉਸ ਕੋਲੋਨਾਈਜ਼ਰ ਵੱਲੋਂ ਬੀਤੀ ਸ਼ਾਮ ਕਲੋਨੀ ਵਾਲੀ ਜਗ੍ਹਾ ’ਤੇ ਧਰਤੀ ਪੂਜਣ ਕਰਵਾਇਆ ਜਾ ਰਿਹਾ ਸੀ ਕਿ ਹਵਨ ਵਿੱਚੋਂ ਨਿਕਲੀ ਇਕ ਚਿੰਗਿਆੜੀ ਨਾਲ ਦੇ ਖੇਤਾਂ ਵਿਚ ਖੜੀ ਕਣਕ ’ਤੇ ਜਾ ਡਿੱਗੀ।ਇੰਨ੍ਹਾਂ ਦਿਨਾਂ ਵਿੱਚ ਕਣਕਾਂ ਇਕ ਤਰਾਂ ਨਾਲ ਬਾਰੂਦ ਦੇ ਬਰਾਬਰ ਹੀ ਮੰਨੀਆਂ ਜਾਂਦੀਆਂ ਹਨ। ਅਜਿਹੇ ਵਿਚ ਕੁੱਝ ਹੀ ਪਲਾਂ ਵਿਚ ਅੱਗ ਨੇ ਕਣਕ ਦੀ ਪੰਜ ਏਕੜ ਫਸਲ ਨੂੰ ਬਰਬਾਦ ਕਰ ਦਿੱਤਾ। ਇਸ ਤੋਂ ਇਲਾਵਾ ਕਈ ਏਕੜ ਨਾੜ ਵੀ ਸੜ ਗਿਆ ਦੱਸਿਆ ਜਾ ਰਿਹਾ ਹੈ। ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਹੋਰ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।।ਅੱਗ ਲੱਗਣ ਦੇ ਕਾਰਣਾਂ ਨੂੰ ਲੈ ਕੇ ਪੀੜਤ ਕਿਸਾਨ ਥਾਣਾ ਕੁੱਲਗੜ੍ਹੀ ਪਹੁੰਚ ਗਿਆ। ਜਿਥੇ ਕੋਲੋਨਾਈਜ਼ਰ ਵੱਲੋਂ ਵੀ ਮੋਕਾ ਸੰਭਾਲਦਿਆਂ ਕਿਸਾਨ ਦੀ ਫਸਲ ਦਾ ਸੰਭਾਵੀ ਮੁੱਲ ਤਾਰ ਕੇ ਮਾਮਲਾ ਰਫਾ ਦਫ਼ਾ ਕਰ ਲਿਆ ਗਿਆ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਅਤੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਉਕਤ ਕੋਲੋਨਾਈਜ਼ਰ ਉਦਯੋਗਪਤੀ ਦੀ ਪੰਜਾਬ ਦੀ ਬਿਊਰੋਕ੍ਰੇਸੀ ਵਿੱਚ ਚੰਗੀ ਪਹੁੰਚ ਹੈ । ਬੀਤੇ ਕੁੱਝ ਸਮੇਂ ਤੋਂ ਉਹ ਵੱਖ ਵੱਖ ਝਮੇਲਿਆਂ ਵਿੱਚ ਫਸੇ ਹੋਣ ਕਾਰਣ ਸਮਾਜ ਸੇਵਾ ਅਤੇ ਜਨਤਕ ਗਤੀਵਿਧੀਆਂ ਤੋਂ ਦੂਰ ਰਹਿ ਰਿਹਾ ਹੈ।