ਸਿਹਤ ਤੇ ਵਾਤਾਵਰਣ ਦੀ ਰੱਖਿਆ ਲਈ ਕੁਦਰਤੀ ਰੰਗਾਂ ਨੂੰ ਅਪਣਾਉਣ ਦਾ ਸੱਦਾ
ਰਸਾਇਣਾਂ ਤੋਂ ਤੌਬਾ, ਫੁੱਲਾਂ ਨਾਲ ਹੋਲੀ ਮਨਾਉਣ ਦਾ ਸੰਦੇਸ਼
Publish Date: Wed, 25 Feb 2026 04:29 PM (IST)
Updated Date: Wed, 25 Feb 2026 04:31 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਵਿਚ ਆਉਣ ਵਾਲੇ ਹੋਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਇਕ ਸੁਨੇਹਾ ਦਿੱਤਾ ਗਿਆ ਹੈ। ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਸ੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਮਾਜ ਸੇਵੀ ਐਨ ਕੇ ਨਾਰੰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਹੋਲੀ ਰਸਾਇਣਕ ਰੰਗਾਂ ਦੀ ਬਜਾਏ ਫੁੱਲਾਂ ਨਾਲ ਮਨਾਈ ਜਾਵੇ। ਸਿਹਤ ਤੇ ਵਾਤਾਵਰਣ ਦੀ ਸੰਭਾਲ ਸਭ ਤੋਂ ਜ਼ਰੂਰੀ ਆਗੂਆਂ ਨੇ ਕਿਹਾ ਕਿ ਬਾਜ਼ਾਰਾਂ ਵਿਚ ਮਿਲਣ ਵਾਲੇ ਕਈ ਰਸਾਇਣਕ ਰੰਗ ਚਮੜੀ, ਅੱਖਾਂ ਅਤੇ ਵਾਲਾਂ ਲਈ ਹਾਨੀਕਾਰਕ ਸਾਬਤ ਹੁੰਦੇ ਹਨ। ਇਨ੍ਹਾਂ ਰੰਗਾਂ ਵਿਚ ਮੌਜ਼ੂਦ ਹਾਨੀਕਾਰਕ ਤੱਤ ਐਲਰਜੀ, ਜਲਣ ਅਤੇ ਹੋਰ ਚਮੜੀ ਰੋਗਾਂ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ ਇਹ ਰੰਗ ਮਿੱਟੀ ਅਤੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ, ਜਿਸ ਨਾਲ ਵਾਤਾਵਰਣ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤੀ ਅਤੇ ਸੁਰੱਖਿਅਤ ਢੰਗ ਨਾਲ ਤਿਉਹਾਰ ਮਨਾਉਣ ਵੱਲ ਵਧੀਏ। ਫੁੱਲਾਂ ਦੀ ਹੋਲੀ ਸਿਹਤਮੰਦ ਅਤੇ ਸੁੰਦਰ ਵਿਕਲਪ ਹੈ, ਜੋ ਨਾ ਸਿਰਫ਼ ਸਰੀਰ ਲਈ ਸੁਰੱਖਿਅਤ ਹੈ ਸਗੋਂ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ। ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਗੁਲਾਬ, ਗੇਂਦੇ ਅਤੇ ਹੋਰ ਖੁਸ਼ਬੂਦਾਰ ਫੁੱਲਾਂ ਦੀਆਂ ਪੱਤੀਆਂ ਨਾਲ ਖੇਡੀ ਜਾਣ ਵਾਲੀ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਰਹਿੰਦੀ, ਬਲਕਿ ਇਹ ਪਿਆਰ, ਭਰਾਵਾਂ ਅਤੇ ਏਕਤਾ ਦਾ ਸੁਨੇਹਾ ਫੈਲਾਉਂਦੀ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਨਾਲ ਹੋਲੀ ਮਨਾਉਣ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਬਿਨਾਂ ਕਿਸੇ ਡਰ ਦੇ ਸ਼ਾਮਲ ਕੀਤਾ ਜਾ ਸਕਦਾ ਹੈ। ਸਾਦਗੀ ’ਚ ਹੈ ਅਸਲ ਖੁਸ਼ੀ ਆਗੂਆਂ ਨੇ ਕਿਹਾ ਕਿ ਕਈ ਵਾਰ ਪਾਣੀ ਦੀ ਬਰਬਾਦੀ ਅਤੇ ਹਾਨੀਕਾਰਕ ਰੰਗਾਂ ਦੀ ਵਰਤੋਂ ਕਾਰਨ ਤਿਉਹਾਰ ਦੀ ਅਸਲ ਰੌਣਕ ਮੰਦ ਪੈ ਜਾਂਦੀ ਹੈ। ਇਸ ਲਈ ਸਾਦਗੀ, ਸੁਰੱਖਿਆ ਅਤੇ ਸਕਾਰਾਤਮਕ ਸੋਚ ਨਾਲ ਹੋਲੀ ਮਨਾਉਣਾ ਸਮਾਜ ਲਈ ਇਕ ਚੰਗਾ ਸੰਦੇਸ਼ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਹੋਲੀ ਨੂੰ ਖੁਸ਼ੀ, ਹਾਸੇ ਅਤੇ ਫੁੱਲਾਂ ਦੀ ਖੁਸ਼ਬੂ ਨਾਲ ਮਨਾਇਆ ਜਾਵੇ ਅਤੇ ਰਸਾਇਣਕ ਰੰਗਾਂ ਤੋਂ ਦੂਰ ਰਹਿ ਕੇ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਤਿਉਹਾਰ ਦੀ ਅਸਲ ਖੁਸ਼ੀ ਸਮੂਹਿਕ ਸੁਰੱਖਿਆ ਅਤੇ ਪਿਆਰ ਵਿੱਚ ਹੀ ਵੱਸਦੀ ਹੈ ਅਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਦੂਜਿਆਂ ਨੂੰ ਵੀ ਇਸ ਬਾਰੇ ਜਾਗਰੂਕ ਕਰੇ।