‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਮੈਗਾ ਕੈਂਪ 5 ਨੂੰ : ਏਡੀਸੀ
‘‘ਸਾਡੇ ਬਜ਼ੁਰਗ ਸਾਡਾ ਮਾਣ’’ ਤਹਿਤ 5 ਫਰਵਰੀ ਨੂੰ ਸ੍ਰੀ ਰਾਮਬਾਗ ਬਿਰਧ ਸੇਵਾ ਆਸ਼ਰਮ ਫ਼ਿਰੋਜ਼ਪੁਰ
Publish Date: Mon, 02 Feb 2026 03:36 PM (IST)
Updated Date: Mon, 02 Feb 2026 03:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਾਡੇ ਬਜ਼ੁਰਗ ਸਾਡਾ ਮਾਣ ਹਨ ਅਤੇ ਬਜ਼ੁਰਗਾਂ ਦੀ ਦੇਖਭਾਲ, ਸਤਿਕਾਰ ਤੇ ਸੇਵਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਬੰਬਾਹ ਨੇ ਫ਼ਿਰੋਜ਼ਪੁਰ ਵਿਖੇ ‘ਸਾਡੇ ਬਜ਼ੁਰਜ ਸਾਡਾ ਮਾਣ’ ਤਹਿਤ 5 ਫਰਵਰੀ ਨੂੰ ਸ੍ਰੀ ਰਾਮਬਾਗ ਬਿਰਧ ਸੇਵਾ ਆਸ਼ਰਮ ਫ਼ਿਰੋਜ਼ਪੁਰ ਛਾਉਣੀ ਵਿਖੇ ਲੱਗਣ ਵਾਲੇ ਮੈਗਾ ਕੈਂਪ ਸਬੰਧੀ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਐੱਨਜੀਓਜ਼ ਨਾਲ ਵਿਸ਼ੇਸ਼ ਮੀਟਿੰਗ ਕਰਨ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਭਲਾਈ ਸਬੰਧੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਸਾਡੇ ਬਜ਼ੁਰਜ ਸਾਡਾ ਮਾਣ’ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿਚ 5 ਫਰਵਰੀ 2026 ਨੂੰ ਰਾਮਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਜ਼ਿਲ੍ਹੇ ਦੇ ਸੀਨੀਅਰ ਸਿਟੀਜਨਾਂ ਲਈ ਮੈਗਾ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿਚ ਬਜ਼ੁਰਗਾਂ ਦੀ ਸਿਹਤ ਜਾਂਚ, ਈਐੱਨਟੀ ਚੈੱਕਅੱਪ, ਅੱਖਾਂ ਦਾ ਚੈੱਕਅੱਪ, ਕੈਂਸਰ ਸਕ੍ਰੀਨਿੰਗ, ਐਨਸੀਡੀ ਸਕਰੀਨਿੰਗ, ਡਿਮੈਂਸ਼ੀਆ ਸਕਰੀਨਿੰਗ, ਆਰਥੋਪੈਡਿਕ ਚੈੱਕਅਪ, ਬੁਢਾਪਾ ਪੈਨਸ਼ਨ ਲਈ ਰਜਿਸਟਰੇਸ਼ਨ, ਸੀਨੀਅਰ ਸਿਟੀਜਨ ਕਾਰਡ, ਰਿਟਾਇਰਡ ਪੈਨਸ਼ਨਰਸ ਦੀ ਕੇਵਾਈਸੀ ਆਦਿ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕੈਂਪ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮੈਗਾ ਕੈਂਪ ਦੌਰਾਨ ਨਟਰਾਜ ਰੰਗ ਮੰਚ ਕੋਟਕਪੂਰਾ ਵੱਲੋਂ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ ਅਤੇ ਪੁਲਿਸ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਨੂੰ ਸੁਰੱਖਿਆ ਤੇ ਸਾਈਬਰ ਕ੍ਰਾਈਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਨ੍ਹਾਂ ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਨੂੰ ਇਸ ਕੈਂਪ ਵਿਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਲਾਹਾ ਲੈਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕੰਵਲਜੀਤ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਕੋਮਲ ਅਰੋੜਾ, ਡੀਪੀਓ ਰਿਚਿਕਾ ਨੰਦਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਐੱਨਜੀਓਜ਼ ਦੇ ਨੁਮਾਇੰਦੇ ਆਦਿ ਹਾਜ਼ਰ ਸਨ।