ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜੇਗਾ ਵਿਸ਼ਾਲ ‘ਦਸਤਾਰ ਸਿਖਲਾਈ ਕੈਂਪ’
ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜੇਗਾ ਵਿਸ਼ਾਲ ‘ਦਸਤਾਰ ਸਿਖਲਾਈ ਕੈਂਪ’
Publish Date: Sat, 28 Feb 2026 05:58 PM (IST)
Updated Date: Sat, 28 Feb 2026 05:58 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਪਵਿੱਤਰ ਤਿਉਹਾਰ ਹੋਲੇ-ਮਹੱਲੇ ਨੂੰ ਸਮਰਪਿਤ, ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਦਸਤਾਰ ਸਿਖਲਾਈ ਕੈਂਪ ਅਤੇ ‘ਲੰਗਰ-ਏ-ਦਸਤਾਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਤੇਜ਼ੀ ਨਾਲ ਪੱਛਮੀ ਸੱਭਿਆਚਾਰ ਵੱਲ ਵਧ ਰਹੀ ਅਜੋਕੀ ਪੀੜ੍ਹੀ ਨੂੰ ਮੁੜ ਆਪਣੇ ਅਮੀਰ ਵਿਰਸੇ ਅਤੇ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਓ ਦਸਤਾਰ ਸਜਾਈਏ ਲਹਿਰ’ ਦੇ ਮੁੱਖ ਸੇਵਾਦਾਰ ਅਤੇ ਇੰਟਰਨੈਸ਼ਨਲ ਦਸਤਾਰ ਕੋਚ ਗੁਰਦੀਪ ਸਿੰਘ ਥਿੰਦ ਸ਼ਹਿਰੀ ਪ੍ਰਧਾਨ ਫਿਰੋਜ਼ਪੁਰ ਨੇ ਦੱਸਿਆ ਕਿ ਅੱਜ ਦੇ ਦੌਰ ਵਿਚ ਸਾਡੇ ਨੌਜਵਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਵਿਸਾਰਦੇ ਜਾ ਰਹੇ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਨੌਜਵਾਨ ਪੀੜ੍ਹੀ ਸਿੱਖੀ ਸਰੂਪ ਤੋਂ ਦੂਰ ਹੋ ਰਹੀ ਹੈ, ਜਿਸ ਕਾਰਨ ਹਰ ਸਾਲ ਹੋਲੇ-ਮਹੱਲੇ ਦੇ ਮੌਕੇ ’ਤੇ ਵੱਡੇ ਪੱਧਰ ’ਤੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਦੇ ਮਨਾਂ ਵਿਚ ਦਸਤਾਰ ਪ੍ਰਤੀ ਪ੍ਰੇਮ ਪੈਦਾ ਕੀਤਾ ਜਾ ਸਕੇ। ਥਿੰਦ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ 3 ਅਤੇ 4 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਲਗਾਇਆ ਜਾਵੇਗਾ। ਇਸ ਦੌਰਾਨ ਮਾਹਿਰ ਕੋਚਾਂ ਵੱਲੋਂ ਨੌਜਵਾਨਾਂ ਨੂੰ ਸੁੰਦਰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਜਿਹੜੇ ਨੌਜਵਾਨ ਭਵਿੱਖ ਵਿਚ ‘ਸਾਬਤ ਸੂਰਤ’ (ਕੇਸਾਧਾਰੀ) ਰਹਿਣ ਦਾ ਪ੍ਰਣ ਲੈਣਗੇ, ਉਨ੍ਹਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਨੌਜਵਾਨਾਂ ਦੇ ਨਾਲ-ਨਾਲ ਬੱਚਿਆਂ ਅਤੇ ਭੈਣਾਂ ਨੂੰ ਵੀ ਗੁਰਮਤਿ ਮਰਿਆਦਾ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਗੁਰਦੀਪ ਸਿੰਘ ਥਿੰਦ ਨੇ ਸਮੂਹ ਸਿੱਖ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ‘ਲੰਗਰ-ਏ-ਦਸਤਾਰ’ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਨਵੀਆਂ ਜਾਂ ਪੁਰਾਣੀਆਂ ਦਸਤਾਰਾਂ ਦਾਨ ਕਰਕੇ ਇਸ ਨੇਕ ਕਾਰਜ ਵਿਚ ਹਿੱਸਾ ਪਾ ਸਕਦੀਆਂ ਹਨ।