ਕਿਲੀ ਚਾਹਲ ਰੈਲੀ ਲਈ ਕਾਫਲਾ ਰਵਾਨਾ
ਕਿਲੀ ਚਾਹਲ ਰੈਲੀ ਲਈ ਹਲਕਾ ਇੰਚਾਰਜ਼ ਅਵਤਾਰ ਸਿੰਘ ਜ਼ਰਾ ਦੀ ਅਗਵਾਈ ਹੇਠ ਵੱਡਾ ਕਾਫਲਾ ਰਵਾਨਾ
Publish Date: Sat, 14 Mar 2026 04:15 PM (IST)
Updated Date: Sat, 14 Mar 2026 04:18 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਲਈ ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਉਨ੍ਹਾਂ ਦੇ ਨਿਵਾਸ ਸਥਾਨ ਨੇੜਲੇ ਪੈਟਰੋਲ ਪੰਪ ਤੋਂ ਜੋਸ਼ ਤੇ ਉਤਸ਼ਾਹ ਦੇ ਮਾਹੌਲ ਵਿੱਚ ਰਵਾਨਾ ਹੋਇਆ। ਇਸ ਮੌਕੇ ਭਾਜਪਾ ਵਰਕਰਾਂ ਵਿਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਭਾਜਪਾ ਅਵਤਾਰ ਸਿੰਘ ਜ਼ੀੀਰਾ ਨੇ ਕਿਹਾ ਕਿ ਮੋਗਾ ਦੇ ਪਿੰਡ ਕਿਲੀ ਚਾਹਲ ਵਿਖੇ ਹੋਣ ਵਾਲੀ ਭਾਜਪਾ ਦੀ ਬਦਲਾਅ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸੂਬੇ ਦੇ ਸੁਨਹਿਰੇ ਭਵਿੱਖ ਲਈ ਡਬਲ ਇੰਜਨ ਦੀ ਸਰਕਾਰ ਚਾਹੁੰਦੀ ਹੈ। ਉਨ੍ਹਾਂ ਨੇ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਵਰਗ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਦੇਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਬੇਹਾਲ ਹੋ ਚੁੱਕੀ ਹੈ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਵਤਾਰ ਸਿੰਘ ਜੀਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੀ ਸਭ ਤੋਂ ਮਜ਼ਬੂਤ ਅਤੇ ਜਨਹਿਤੈਸ਼ੀ ਪਾਰਟੀ ਵਜੋਂ ਉਭਰੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ, ਸੁਰੱਖਿਆ ਅਤੇ ਆਮ ਲੋਕਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੋਗਾ ਦੀ ਇਹ ਰੈਲੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਭਾਜਪਾ ਆਗੂ ਹਰਬੀਰਇੰਦਰ ਸਿੰਘ ਜ਼ੀਰਾ, ਸਰਕਲ ਪ੍ਰਧਾਨ ਸ਼ਹਿਰੀ ਵਿਸ਼ਾਲ ਸੂਦ ਵਿੱਕੀ, ਸਰਕਲ ਪ੍ਰਧਾਨ ਦਿਹਾਤੀ ਜਸਵਿੰਦਰ ਸਿੰਘ ਸ਼ਹੀਦ, ਬੁੱਧੀਜੀਵੀ ਸੈੱਲ ਜ਼ੀਰਾ ਦੇ ਕਨਵੀਨਰ ਐਡਵੋਕੇਟ ਤਰੁਣ ਝੱਟਾ, ਜ਼ਿਲ੍ਹਾ ਜਨਰਲ ਸਕੱਤਰ ਕੈਪਟਨ ਸਵਰਨ ਸਿੰਘ, ਹਰਬਿੰਦਰ ਸਿੰਘ ਭਿੰਦਾ, ਨੰਬਰਦਾਰ ਰਜੀਵ ਸ਼ਰਮਾ ਭੋਲਾ, ਕਿਸਾਨ ਮੋਰਚਾ ਪ੍ਰਧਾਨ ਗੁਰਚਰਨ ਸਿੰਘ, ਮੰਨੂ ਘੁਰਕੀ ਪ੍ਰਧਾਨ ਯੁਵਾ ਮੋਰਚਾ ਜ਼ੀਰਾ, ਸਰਕਲ ਪ੍ਰਧਾਨ ਫਤਿਹਗੜ੍ਹ ਸਭਰਾ, ਡਾ. ਬਲਦੇਵ ਸਿੰਘ ਸਰਹਾਲੀ, ਜਰਨਲ ਸਕੱਤਰ ਦਿਹਾਤੀ ਮਨਜੀਤ ਸਿੰਘ, ਜਰਨਲ ਸਕੱਤਰ ਅਵਤਾਰ ਸਿੰਘ, ਐੱਸਸੀ ਵਿੰਗ ਪ੍ਰਧਾਨ ਢੰਡੀਆਂ ਪਰਮਜੀਤ ਸਿੰਘ, ਮੀਤ ਪ੍ਰਧਾਨ ਦਿਹਾਤੀ ਸ਼ੀਹਾਂਪਾੜੀ ਹਰਦੀਪ ਸਿੰਘ, ਜਨਰਲ ਸਕੱਤਰ ਹਰਪਾਲ ਸਿੰਘ, ਪਵਨ ਬਾਂਸਲ, ਜਤਿਨ ਸ਼ਰਮਾ, ਪਰਮਜੀਤ ਸਿੰਘ ਰੱਖੜਾ, ਪਵਨ ਸੇਠੀ, ਗੁਰਚਰਨ ਸਿੰਘ ਸ਼ਾਹ ਵਾਲਾ, ਗੁਰਨਾਮ ਸਿੰਘ ਬਹਿਕ ਗੁਜਰਾਂ, ਪ੍ਰਤਾਪ ਸਿੰਘ, ਖੁਸ਼ਵੰਤ ਸਿੰਘ, ਪ੍ਰਤਾਪ ਸਿੰਘ ਤਲਵੰਡੀ ਜੱਲੇ ਖਾਂ,ਸੁਖਚੈਨ ਸਿੰਘ ਫੇਰੋਕੇ, ਨਛੱਤਰ ਸਿੰਘ ਝੰਡਾ ਬੱਗਾ, ਮਨਜੀਤ ਸਿੰਘ ਫੇਰੋਕੇ, ਗੁਰਮੀਤ ਸਿੰਘ ਸਾਧੂਵਾਲਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਧਰਮ ਸਿੰਘ ਸਾਧੂਵਾਲਾ ਆਦਿ ਹਾਜ਼ਰ ਸਨ। ਕਿਲੀ ਚਾਹਲਾਂ ਬਣਿਆ ਸਿਆਸੀ ਰੈਲੀਆਂ ਦਾ ਕੇਂਦਰ ਕਿਲੀ ਚਾਹਲਾਂ ਦੀ ਧਰਤੀ ਹੁਣ ਸਿਆਸੀ ਧਿਰਾਂ ਲਈ ਖਾਸ ਅਹਿਮੀਅਤ ਹਾਸਲ ਕਰ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਇੱਥੇ ਹੋਣ ਵਾਲੀਆਂ ਰੈਲੀਆਂ ਸਿਆਸੀ ਪਾਰਟੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਈਆਂ ਹਨ। ਇਸੇ ਕਰ ਕੇ ਵੱਖ-ਵੱਖ ਪਾਰਟੀਆਂ ਲਗਾਤਾਰ ਇੱਥੇ ਆਪਣੇ ਤਾਕਤ ਪ੍ਰਦਰਸ਼ਨ ਲਈ ਰੈਲੀਆਂ ਕਰਦੀਆਂ ਆ ਰਹੀਆਂ ਹਨ। ਭਾਜਪਾ ਵੱਲੋਂ ਵੀ ਹੁਣ ਇੱਥੇ ਬਦਲਾਅ ਰੈਲੀ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ‘ਪਾਣੀ ਬਚਾਓ, ਪੰਜਾਬ ਬਚਾਓ’ ਅਤੇ ਕਾਂਗਰਸ ਵੱਲੋਂ ‘ਵਧਦਾ ਪੰਜਾਬ, ਬਦਲਦਾ ਪੰਜਾਬ’ ਰੈਲੀਆਂ ਵੀ ਇਸ ਧਰਤੀ ’ਤੇ ਕੀਤੀਆਂ ਜਾ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ 1997, 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਖੇਤਰ ਤੋਂ ਚੋਣੀ ਮੁਹਿੰਮ ਦਾ ਬਿਗਲ ਵਜਾਇਆ ਸੀ।