ਡੀਸੀਐੱਮ ਸਕੂਲ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿਖੇ ਮਹਿਲਾ ਦਿਵਸ ’ਤੇ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ
Publish Date: Sat, 07 Mar 2026 06:12 PM (IST)
Updated Date: Sat, 07 Mar 2026 06:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਸਟਾਫ਼ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਸਕੂਲ ਦੇ ਬਾਜਵਾ ਆਡੀਟੋਰੀਅਮ ਵਿਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਖੇਡਾਂ ਖੇਡਣ ਤੋਂ ਇਲਾਵਾ ਨਾਚ, ਗਿੱਧਾ ਅਤੇ ਗੀਤਾਂ ਰਾਹੀਂ ਖ਼ੂਬ ਰੰਗ ਬੰਨ੍ਹਿਆ। ਸਮਾਰੋਹ ਵਿਚ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਟਾਫ਼ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੁਰਸ਼ ਸਟਾਫ਼ ਵੱਲੋਂ ਮਹਿਲਾ ਸਟਾਫ਼ ਦੇ ਸਨਮਾਨ ਵਿਚ ਕਈ ਪੇਸ਼ਕਾਰੀਆਂ ਦਿੱਤੀਆਂ ਗਈਆਂ। ਗੁਰਮਨਪ੍ਰੀਤ ਸਿੰਘ ਵੱਲੋਂ ਸਭ ਦਾ ਸਵਾਗਤ ਕਰਨ ਤੋਂ ਬਾਅਦ ਸੀਨੀਅਰ ਜੀਐੱਮ ਮਨਰੀਤ ਸਿੰਘ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਗੌਰਵ ਕਾਲੀਆ ਵੱਲੋਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ ਅਤੇ ਅਭਿਮਨਿਊ ਨੇ ਆਪਣੇ ਗੀਤਾਂ ਰਾਹੀਂ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਕਿਹਾ ਵਰਤਮਾਨ ਸਮੇਂ ਵਿਚ ਨਾਰੀ ਇਕ ਸ਼ਕਤੀ ਹੈ ਅਤੇ ਨਾਰੀ ਤੋਂ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸਾਡੇ ਸੱਭਿਆਚਾਰ ਅਤੇ ਧਰਮ ਵਿਚ ਨਾਰੀ ਤੋਂ ਬਿਨਾਂ ਹਰ ਕਾਰਜ ਅਧੂਰਾ ਮੰਨਿਆ ਗਿਆ ਹੈ। ਨਾਰੀ ਦਾ ਕੋਈ ਇਕ ਦਿਨ ਨਹੀਂ ਹੁੰਦਾ, ਸਗੋਂ ਨਾਰੀ ਨਾਲ ਹੀ ਹਰ ਦਿਨ ਦੀ ਹੋਂਦ ਹੈ। ਉਨ੍ਹਾਂ ਅੱਗੇ ਕਿਹਾ ਕਿ ਘਰ ਚਲਾਉਣ ਤੋਂ ਲੈ ਕੇ ਸਿੱਖਿਆ ਦੇ ਖੇਤਰ, ਉੱਦਮੀ ਬਣਨ ਜਾਂ ਪੁਲਾੜ ਤੱਕ ਪਹੁੰਚਣ ਤੱਕ, ਹਰ ਥਾਂ ਮਹਿਲਾਵਾਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸਮੂਹ ਅਧਿਆਪਕਾਵਾਂ ਵਿਚ ਉਤਸ਼ਾਹ ਭਰਦਿਆਂ ਕਿਹਾ ਕਿ ਉਹ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ, ਸਗੋਂ ਇਕ ਸ਼ਕਤੀ ਵਜੋਂ ਮੁਸ਼ਕਲਾਂ ਦਾ ਸਾਹਮਣਾ ਕਰਨ, ਕਿਉਂਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ।