ਸਿੱਖਿਆ ਖੇਤਰ ’ਚ ਪੰਜਾਬ ਸਰਕਾਰ ਲਿਆ ਰਹੀ ਕ੍ਰਾਂਤੀਕਾਰੀ ਬਦਲਾਅ : ਵਿਧਾਇਕ ਭੁੱਲਰ
ਸਕੂਲ ਆਫ਼ ਐਮੀਂਨਸ ਫ਼ਿਰੋਜ਼ਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਕੀਤਾ ਗਿਆ ਸ਼ਾਨਦਾਰ ਪ੍ਰੋਗਰਾਮ
Publish Date: Sat, 28 Mar 2026 05:20 PM (IST)
Updated Date: Sat, 28 Mar 2026 05:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ‘‘ਮਾਪੇ-ਅਧਿਆਪਕ ਮਿਲਣੀਆਂ’’ ਇਕ ਮਹੱਤਵਪੂਰਨ ਕਦਮ ਵਜੋਂ ਸਾਹਮਣੇ ਆਈਆਂ ਹਨ। ਇਨ੍ਹਾਂ ਮਿਲਣੀਆਂ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਦੂਰੀ ਨੂੰ ਘਟਾਉਣਾ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਹਾਂ-ਪੱਖੀ ਵਾਤਾਵਰਣ ਤਿਆਰ ਕਰਨਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ 224 ਅੱਪਰ ਪ੍ਰਇਮਰੀ ਸਕੂਲਾਂ ਵਿਚ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਅਤੇ ਸਲਾਨਾ ਨਤੀਜੇ ਐਲਾਨਣ ਲਈ ਪ੍ਰਭਾਵਸ਼ਾਲੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਵਿਖੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕੋਮਲ ਅਰੋੜਾ ਸਮੇਤ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਰਹੇ। ਸਕੂਲ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਆਏ ਮਹਿਮਾਨਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ। ਸਮਾਗਮ ਵਿਚ ਵੱਡੀ ਗਿਣਤੀ ਵਿਚ ਮਾਪਿਆਂ, ਵਿਦਿਆਰਥੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਭਾਗ ਲਿਆ। ਮੁੱਖ ਮਹਿਮਾਨ ਰਣਬੀਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਵਿਚ ਬਦਲਾਅ ਲਿਆਉਣ ਲਈ ਵਚਨਬੱਧ ਹੈ ਅਤੇ ਮਾਪੇ-ਅਧਿਆਪਕ ਮਿਲਣੀਆਂ ਇਸ ਦਿਸ਼ਾ ਵਿਚ ਇਕ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਹੂਲਤਾਂ, ਤਜਰਬੇਕਾਰ ਅਧਿਆਪਕ ਅਤੇ ਸੁਧਰੇ ਹੋਏ ਸਿੱਖਣ ਮਾਹੌਲ ਨਾਲ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਸਰਕਾਰੀ ਸਕੂਲਾਂ ਵਿਚ ਡਿਜੀਟਲ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਭਾਗ ਦੋ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੇ ਆਪਣੇ ਵਿਚਾਰਾਂ ਦੌਰਾਨ ਦੱਸਿਆ ਕਿ ਇਹ ਮਿਲਣੀਆਂ ਸਿਰਫ਼ ਇਕ ਰਸਮੀ ਪ੍ਰਕਿਰਿਆ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਾਂਝ ਬਣਾਉਣ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ, ਹਾਜ਼ਰੀ ਅਤੇ ਸਮੂਹਿਕ ਵਿਕਾਸ ਬਾਰੇ ਖੁੱਲ੍ਹੀ ਚਰਚਾ ਕਰਨਾ ਇਸ ਦਾ ਮੁੱਖ ਉਦੇਸ਼ ਹੈ, ਜਿਸ ਨਾਲ ਬੱਚਿਆਂ ਦੀ ਪ੍ਰਗਤੀ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ। ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਸਮਾਗਮ ਦੌਰਾਨ ਸਕੂਲ ਵਿਚ ਉਪਲਬੱਧ ਆਧੁਨਿਕ ਸਹੂਲਤਾਂ ਅਤੇ ਸਿੱਖਣ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਨੇ ਮਾਪਿਆਂ ਦਾ ਖਾਸ ਧਿਆਨ ਖਿੱਚਿਆ। ਸਮਾਗਮ ਦੌਰਾਨ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ ਗਿਆ। ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਆਉਣ ਵਾਲੀਆਂ ਨਵੀਆਂ ਨੀਤੀਆਂ ਅਤੇ ਸੁਧਾਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਹ ਮਾਪੇ-ਅਧਿਆਪਕ ਮਿਲਣੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿਚ ਨਵਾਂ ਉਤਸ਼ਾਹ ਪੈਦਾ ਕਰਨ ਵਿੱਚ ਸਫਲ ਰਹੀ ਅਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵੱਲ ਇਕ ਸਕਾਰਾਤਮਕ ਕਦਮ ਸਾਬਤ ਹੋਈ। ਇਸ ਮੌਕੇ ਐਲਵਿਨ ਭੱਟੀ, ਰਾਜ ਬਹਾਦਰ ਸਿੰਘ ਗਿੱਲ, ਵਿਕਾਸ ਕੁਮਾਰ ਸਿਖਿਆ ਕੋਆਰਡੀਨੇਟਰ, ਅਧਿਆਪਕ ਮਲਕੀਤ ਸਿੰਘ ਹਰਾਜ, ਅਰਵਿੰਦ ਕੌਰ, ਮਧੂ ਨੰਦਾ, ਦਵਿੰਦਰ ਨਾਥ, ਭੁਪਿੰਦਰ ਕੌਰ, ਅਮਨਪ੍ਰੀਤ ਕੌਰ, ਵਰਿੰਦਰ ਕੌਰ, ਰਾਘਵ ਕਪੂਰ ਆਦਿ ਹਾਜ਼ਰ ਸਨ।