ਪਰਸ਼ੂਰਾਮ ਜੈਅੰਤੀ ਮੌਕੇ ਸਜਾਈ ਸ਼ੋਭਾ ਯਾਤਰਾ
ਫਿਰੋਜ਼ਪੁਰ ’ਚ ਭਗਵਾਨ ਪਰਸ਼ੂਰਾਮ ਜਨਮ ਉਤਸਵ ਮੌਕੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ
Publish Date: Sun, 19 Apr 2026 06:44 PM (IST)
Updated Date: Sun, 19 Apr 2026 06:48 PM (IST)

ਅੰਗਰੇਜ਼ ਭੁੱਲਰ ਪੰਜਾਬੀ ਜਾਗਰਣ ਫਿਰੋਜ਼ਪੁਰ : ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ, ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੇ ਪਵਿੱਤਰ ਅਵਸਰ ’ਤੇ ਫਿਰੋਜ਼ਪੁਰ ਸ਼ਹਿਰ ਵਿੱਚ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਭਗਤੀ ਭਾਵਨਾ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਬ੍ਰਾਹਮਣ ਸਭਾ ਦੇ ਸਹਿਯੋਗ ਨਾਲ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਹੇਠ ਇਹ ਯਾਤਰਾ ਨਮਕ ਮੰਡੀ ਸਥਿਤ ਭਗਵਾਨ ਪਰਸ਼ੂਰਾਮ ਮੰਦਰ ਤੋਂ ਬੜੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਸ਼ੋਭਾ ਯਾਤਰਾ ਦਾ ਆਗਾਜ਼ ਵੱਖ-ਵੱਖ ਮੰਦਰਾਂ ਦੇ ਪੁਜਾਰੀਆਂ ਅਤੇ ਗੁਰੂਕੁਲ ਧਾਮ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸ਼ੰਖਨਾਦ ਨਾਲ ਹੋਇਆ, ਜਿਸ ਨੇ ਪੂਰੇ ਵਾਤਾਵਰਣ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ। ਜ਼ੀਰਾ ਗੇਟ ਸਥਿਤ ਪ੍ਰਾਚੀਨ ਵਿਸ਼ਵ ਵਿਦਿਆਲਿਆ ਮੰਦਰ ਤੋਂ ਆਈ ਭਗਵਾਨ ਸ਼ਿਵ ਦੀ ਪਾਲਕੀ ਸ਼ਰਧਾਲੂਆਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਬਣੀ ਰਹੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਗੁਜ਼ਰਦਿਆਂ ਸ਼ਰਧਾਲੂਆਂ ਅਤੇ ਵਪਾਰੀਆਂ ਵੱਲੋਂ ਯਾਤਰਾ ’ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਪੂਰਾ ਸ਼ਹਿਰ ‘‘ਭਗਵਾਨ ਪਰਸ਼ੂਰਾਮ ਦੀ ਜੈ’’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਾਰਗ ਵਿਚ ਥਾਂ-ਥਾਂ ਸ਼ਰਧਾਲੂਆਂ ਵੱਲੋਂ ਪ੍ਰਸ਼ਾਦ ਅਤੇ ਲੰਗਰ ਵੀ ਵਰਤਾਏ ਗਏ। ਇਸ ਸ਼ੋਭਾ ਯਾਤਰਾ ਵਿੱਚ ਨਾ ਸਿਰਫ਼ ਬ੍ਰਾਹਮਣ ਸਮਾਜ, ਸਗੋਂ ਹਰ ਵਰਗ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਭਗਤੀ ਦੇ ਇਸ ਸਮਾਗਮ ਵਿੱਚ ‘‘ਜੈ ਸ੍ਰੀ ਰਾਮ’’, ‘‘ਭਜ ਮਨ ਨਾਰਾਇਣ’’ ਅਤੇ ‘‘ਰਾਧੇ-ਰਾਧੇ’’ ਦੇ ਭਜਨਾਂ ਨੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੌਰਵ ਸਾਗਰ ਭਾਸਕਰ ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ ਅਤੇ ਪੰਜਾਬ ਪ੍ਰਧਾਨ ਅਰੁਣ ਮੱਛਰਾਲ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨਾਂ ਵਿਚ ਦਵਿੰਦਰ ਬਜਾਜ ਅਤੇ ਚਰਨਦਾਸ ਹਾਂਡਾ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅੰਮ੍ਰਿਤਵੇਲਾ ਪ੍ਰਭਾਸ ਸਮਿਤੀ, ਇੱਕ ਪ੍ਰਯਾਸ ਵੈਲਫੇਅਰ ਸੁਸਾਇਟੀ, ਮਾਤਾ ਚਿੰਤਪੁਰਨੀ ਲੰਗਰ ਸੇਵਾ ਸਮਿਤੀ, ਇੰਸਾਨੀਅਤ ਸੇਵਾ ਦਲ, ਫਿਰੋਜ਼ਪੁਰ ਵੈਲਫੇਅਰ ਸੁਸਾਇਟੀ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।