ਨੂਰਪੁਰ ਸੇਠਾਂ ’ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ
ਨੂਰਪੁਰ ਸੇਠਾਂ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ
Publish Date: Sat, 03 Jan 2026 05:33 PM (IST)
Updated Date: Sat, 03 Jan 2026 05:35 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਪਿੰਡ ਨੂਰਪੁਰ ਸੇਠਾਂ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰਦੁਆਰਾ ਕਲਗੀਧਰ ਸਿੰਘ ਸਭਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਦੀਆਂ ਮੁੱਖ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਸੁੰਦਰ ਤਰੀਕੇ ਨਾਲ ਸਜਾਈ ਗਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਰਾਗੀ ਜਥਿਆਂ ਵੱਲੋਂ ਰਸਭਿੰਨਾ ਸ਼ਬਦ ਕੀਰਤਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਗੁਰਬਾਣੀ ਦੇ ਰਸ ਨਾਲ ਭਰ ਗਿਆ। ਨਗਰ ਕੀਰਤਨ ਦੌਰਾਨ ‘‘ਬੋਲੇ ਸੌ ਨਿਹਾਲ’’ ਅਤੇ ‘‘ਸਤਿ ਸ੍ਰੀ ਅਕਾਲ’’ ਦੇ ਜੈਕਾਰੇ ਗੂੰਜਦੇ ਰਹੇ ਅਤੇ ਸੰਗਤਾਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀਆਂ ਰਹੀਆਂ। ਪਿੰਡ ਵਾਸੀਆਂ ਅਤੇ ਵੱਖ-ਵੱਖ ਸੇਵਾ ਸੰਸਥਾਵਾਂ ਵੱਲੋਂ ਨਗਰ ਕੀਰਤਨ ਦੇ ਰਸਤੇ ਵਿੱਚ ਕਈ ਥਾਵਾਂ ’ਤੇ ਚਾਹ, ਪਕੌੜਿਆਂ ਅਤੇ ਹੋਰ ਲੰਗਰਾਂ ਦੀ ਸੇਵਾ ਲਗਾਈ ਗਈ। ਸੇਵਾਦਾਰਾਂ ਨੇ ਬੜੀ ਲਗਨ ਨਾਲ ਸੰਗਤ ਦੀ ਸੇਵਾ ਨਿਭਾਈ। ਬੱਚਿਆਂ, ਨੌਜਵਾਨਾਂ ਅਤੇ ਵੱਡੇ ਬੁਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ।ਇਸ ਮੌਕੇ ਦਸ਼ਮੇਸ਼ ਆਗਮਨ ਪੁਰਬ ਦੇ ਸਬੰਧ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਜਾਣਗੇ।