ਆਧੁਨਿਕ ਸਹੂਲਤਾਂ ਨਾਲ ਲੈੱਸ ਵਿੱਦਿਅਕ ਪੋਰਟਲ ਦਾ ਆਗਾਜ਼
ਸਰਕਾਰੀ ਸਕੂਲਾਂ ਵਿਚ ਡਿਜੀਟਲ ਕ੍ਰਾਂਤੀ ਤਹਿਤ ਆਧੁਨਿਕ ਸਹੂਲਤਾਂ ਨਾਲ ਲੈੱਸ ਵਿੱਦਿਅਕ ਪੋਰਟਲ ਦਾ ਸ਼ਾਨਦਾਰ ਆਗਾਜ਼
Publish Date: Tue, 03 Mar 2026 04:28 PM (IST)
Updated Date: Tue, 03 Mar 2026 04:29 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਿੱਖਿਆ ਖੇਤਰ ਵਿਚ ਅੱਜ ਇਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ, ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਆਧੁਨਿਕ ਵਿੱਦਿਅਕ ਪੋਰਟਲ ਸ਼ਾਨਦਾਰ ਢੰਗ ਨਾਲ ਲਾਂਚ ਕੀਤਾ ਗਿਆ। ਇਹ ਪੋਰਟਲ 21ਵੀਂ ਸਦੀ ਦੀਆਂ ਸਿੱਖਿਆਕ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ, ਜੋ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਡਿਜੀਟਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਵੇਗਾ। ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ, ਸੋਢੀ ਨਗਰ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਪੋਰਟਲ ਦਾ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੁਨੀਲਾ ਅਰੋੜਾ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਭਰੇ ਦੌਰ ਵਿਚ ਤਕਨੀਕੀ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਪੋਰਟਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਡਿਜੀਟਲ ਸਿੱਖਿਆ ਵਿਚ ਕ੍ਰਾਂਤੀ ਲਿਆਉਣ ਲਈ ਮੀਲ ਪੱਥਰ ਸਾਬਤ ਹੋਵੇਗਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਸਿਰਫ਼ ਰੱਟਾ ਨਹੀਂ, ਸਗੋਂ ਸਮਝ ਕੇ ਸਿੱਖਣਾ ਹੈ। ਅਜਿਹੇ ਇੰਟਰਐਕਟਿਵ ਪਲੇਟਫਾਰਮ ਬੱਚਿਆਂ ਵਿਚ ਸਵੈ-ਸਿੱਖਣ, ਤਕਨੀਕੀ ਮੁਹਾਰਤ ਅਤੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੋਣਗੇ। ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਹੋਣਹਾਰ ਅਧਿਆਪਕ ਜਤਿੰਦਰ ਕੁਮਾਰ ਗੱਖੜ ਵੱਲੋਂ ਤਿਆਰ ਕੀਤਾ ਗਿਆ ਇਹ ਪੋਰਟਲ ਪੂਰੇ ਪੰਜਾਬ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਪੋਰਟਲ ਦੇ ਨਿਰਮਾਤਾ ਅਤੇ ਸਰਕਾਰੀ ਹਾਈ ਸਕੂਲ, ਸੋਢੀ ਨਗਰ ਵਿਖੇ ਸੇਵਾ ਨਿਭਾ ਰਹੇ ਕੰਪਿਊਟਰ ਫੈਕਲਟੀ ਜਤਿੰਦਰ ਕੁਮਾਰ ਗੱਖੜ ਨੇ ਪੋਰਟਲ ਦੇ ਉਦੇਸ਼ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪੋਰਟਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਰੋਜ਼ਾਨਾ ਅਕਾਦਮਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਪੜ੍ਹਨ ਸਮੱਗਰੀ, ਵੀਡੀਓ ਲੈਕਚਰ ਅਤੇ ਪ੍ਰੈਜ਼ੈਂਟੇਸ਼ਨਾਂ, ਕੋਡਿੰਗ ਅਤੇ ਟਾਈਪਿੰਗ ਅਭਿਆਸ ਲਈ ਵਿਸ਼ੇਸ਼ ਸੈਕਸ਼ਨ, ਖੇਡਾਂ ਰਾਹੀਂ ਸਿੱਖਿਆ, ‘ਪੇਪਰ ਜਨਰੇਟਰ’ ਟੂਲ ਰਾਹੀਂ ਸਕਿੰਟਾਂ ਵਿਚ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਸਹੂਲਤ, ਰੋਜ਼ਾਨਾ ਏਆਈ ਅਤੇ ਸਾਈਬਰ ਸੁਰੱਖਿਆ ਸਬੰਧੀ ਅਪਡੇਟਸ, ਆਨਲਾਈਨ ਕਵਿਜ਼ ਅਤੇ ਇੰਟਰਐਕਟਿਵ ਲਰਨਿੰਗ ਸਹੂਲਤ ਸ਼ਾਮਲ ਹਨ। ਇਸ ਮੌਕੇ ਜਤਿੰਦਰ ਕੁਮਾਰ ਗੱਖੜ ਨੇ ਸਮੂਹ ਅਧਿਕਾਰੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਤਕਨੀਕ ਰਾਹੀਂ ਵਿਦਿਆਰਥੀਆਂ ਦੀ ਬਿਹਤਰੀ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਿੱਖਿਆ ਮਾਹਿਰ ਅਤੇ ਅਧਿਆਪਕ ਮੌਜ਼ੂਦ ਸਨ। ਇਸ ਮੌਕੇ ਰਵੀ ਇੰਦਰ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਸਰਵਜੋਤ ਸਿੰਘ, ਚੇਤਨ ਕੱਕੜ, ਸੰਜੀਵ ਕੁਮਾਰ, ਵਿਕਾਸ ਛਾਬੜਾ, ਸਤੀਸ਼, ਆਈਸੀਟੀ ਸਟਾਫ ਰਿਤੂ ਬਾਲਾ ਅਤੇ ਮਿਸ ਕ੍ਰਿਤਿਕਾ ਚਾਵਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।