ਦੁਰਗਾ ਅਸ਼ਟਮੀ ਮੌਕੇ ਫਿਰੋਜ਼ਪੁਰ ਦੇ ਪ੍ਰਾਚੀਨ ਦੇਵੀ ਦਵਾਰਾ ਮੰਦਿਰ ’ਚ ਸ਼ਰਧਾ ਦਾ ਸੈਲਾਬ
ਦੁਰਗਾ ਅਸ਼ਟਮੀ ਮੌਕੇ ਫਿਰੋਜ਼ਪੁਰ ਦੇ ਪ੍ਰਾਚੀਨ ਦੇਵੀ ਦਵਾਰਾ ਮੰਦਿਰ ’ਚ ਸ਼ਰਧਾ ਦਾ ਸੈਲਾਬ
Publish Date: Thu, 26 Mar 2026 04:31 PM (IST)
Updated Date: Fri, 27 Mar 2026 04:02 AM (IST)

ਪਰਮਿੰਦਰ ਸਿੰਘ ਥਿੰਦੀ ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪ੍ਰਾਚੀਨ ਤੇ ਇਤਿਹਾਸਕ ਦੇਵੀ ਦਵਾਰਾ ਮੰਦਰ ਵਿਖੇ ਅੱਜ ਅਧਿਆਤਮਕ ਰੌਣਕਾਂ ਵੇਖਣ ਨੂੰ ਮਿਲੀਆਂ। ਸਵੇਰੇ ਤੜਕਸਾਰ ਤੋਂ ਹੀ ਵੱਡੀ ਗਿਣਤੀ ਵਿਚ ਭਗਤ ਮਾਤਾ ਰਾਣੀ ਦੇ ਚਰਨਾਂ ਵਿਚ ਹਾਜ਼ਰੀ ਲਗਵਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ। ਪੂਰਾ ਮੰਦਰ ਕੰਪਲੈਕਸ ਮਾਤਾ ਦੇ ਜੈਕਾਰਿਆਂ ਅਤੇ ਭਜਨਾਂ ਨਾਲ ਗੂੰਜ ਉੱਠਿਆ। ਮੰਦਿਰ ਕਮੇਟੀ ਵੱਲੋਂ ਇਸ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂਆਂ ਨੇ ਲੰਬੀਆਂ ਕਤਾਰਾਂ ਵਿਚ ਲੱਗ ਕੇ ਬੜੇ ਹੀ ਸਬਰ ਅਤੇ ਸ਼ਰਧਾ ਨਾਲ ਮਾਤਾ ਰਾਣੀ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕ ਕੇ ਆਪਣੇ ਪਰਿਵਾਰ ਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਦੁਆਵਾਂ ਮੰਗੀਆਂ। ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਤੇ ਲਾਈਟਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ, ਜੋ ਖਿੱਚ ਦਾ ਕੇਂਦਰ ਰਿਹਾ। ਜਾਣਕਾਰੀ ਦਿੰਦੀਆਂ ਪੰਡਿਤ ਜਤਿਨ ਸ਼ਰਮਾ ਨੇ ਦੱਸਿਆ ਕਿ ਇਸ ਮੰਦਰ ਨਾਲ ਲੋਕਾਂ ਦੀ ਅਥਾਹ ਸ਼ਰਧਾ ਜੁੜੀ ਹੋਈ ਹੈ। ਮਾਤਾ ਦੇ ਦਰਬਾਰ ਵਿਚ ਜੋ ਵੀ ਸੱਚੇ ਮਨ ਨਾਲ ਆਉਂਦਾ ਹੈ, ਉਸ ਦੀ ਹਰ ਮੁਰਾਦ ਪੂਰੀ ਹੁੰਦੀ ਹੈ। ਉਧਰ ਇਸ ਮੌਕੇ ਸ਼ਰਧਾਲੂਆਂ ਨੇ ਦੱਸਿਆ ਕਿ ਮੰਦਿਰ ਵਿਚ ਆ ਕੇ ਮਿਲਣ ਵਾਲੀ ਮਾਨਸਿਕ ਸ਼ਾਂਤੀ ਬਿਆਨ ਤੋਂ ਬਾਹਰ ਹੈ। ਭੀੜ ਨੂੰ ਕੰਟਰੋਲ ਕਰਨ ਲਈ ਸੇਵਾਦਾਰਾਂ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਮੰਦਰ ਵਿਚ ਪ੍ਰਸਾਦ ਦੀ ਸੇਵਾ ਨਿਰੰਤਰ ਜਾਰੀ ਰਹੀ। ਸ਼ਰਧਾਲੂਆਂ ਵਿਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜੋ ਮਾਤਾ ਦੀ ਭਗਤੀ ਵਿਚ ਲੀਨ ਨਜ਼ਰ ਆਏ।