ਬੀਐੱਸਐੱਫ ਦੀ ਚੌਂਕੀ ਕੱਸੋ ਕੇ ਨੇੜਿਓਂ ਇਕ ਡਰੋਨ ਬਰਾਮਦ
ਫਿਰੋਜ਼ਪੁਰ ਸਰਹੱਦ ’ਤੇ ਬੀਐੱਸਐੱਫ ਦੀ ਚੌਂਕੀ ਕੱਸੋ ਕੇ ਨੇੜਿਓਂ ਇਕ ਡਰੋਨ ਬਰਾਮਦ
Publish Date: Tue, 24 Mar 2026 06:37 PM (IST)
Updated Date: Wed, 25 Mar 2026 04:05 AM (IST)

* ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਕੀਤਾ ਦਰਜ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿੱਤਾ। ਬੀਐੱਸਅੱਫ ਦੀ ਬੀਓਪੀ ਚੌਂਕੀ ਕੱਸੋਕੇ ਦੇ ਇਲਾਕੇ ਵਿਚੋਂ ਸਰਚ ਆਪ੍ਰੇਸ਼ਨ ਦੌਰਾਨ ਇਕ ਆਧੁਨਿਕ ਤਕਨੀਕ ਵਾਲਾ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਗੀ ਉਸ ਸਮੇਂ ਹੋਈ ਜਦੋਂ ਜਵਾਨਾਂ ਨੇ ਇਲਾਕੇ ਵਿਚ ਸ਼ੱਕੀ ਹਲਚਲ ਮਹਿਸੂਸ ਕੀਤੀ। ਪਾਕਿਸਤਾਨੀ ਤਸਕਰਾਂ ਵੱਲੋਂ ਅਕਸਰ ਡਰੋਨਾਂ ਦੀ ਵਰਤੋਂ ਭਾਰਤੀ ਖੇਤਰ ’ਚ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਭੇਜਣ ਲਈ ਕੀਤੀ ਜਾਂਦੀ ਹੈ, ਪਰ ਬੀਐੱਸਐੱਫ ਦੀ ਮੁਸਤੈਦੀ ਕਾਰਨ ਇਸ ਡਰੋਨ ਨੂੰ ਫੜ ਲਿਆ ਗਿਆ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਦੇ ਅਸਿਸਟੈਂਟ ਕਮਾਂਡੈਂਟ ਅੰਬਰੀਸ਼ ਕੁਮਾਰ ਧੀਰ ਨੇ ਦੱਸਿਆ ਕਿ ਬੀਓਪੀ ਕੱਸੋ ਕੇ ਦੇ ਅਧਿਕਾਰ ਖੇਤਰ ’ਚ ਇਕ ਡਰੋਨ ਦੀ ਐਕਟੀਵਿਟੀ ਵੇਖਣ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ ਖੇਤਾਂ ਦੇ ਕੋਲੋਂ ਇਕ ਡਰੋਨ ਮਾਵਿਕ 3 ਕਲਾਸਿਕ ਬਰਾਮਦ ਹੋਇਆ। ਥਾਣਾ ਸਦਰ ਫਿਰੋਜ਼ਪੁਰ ਦੇ ਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਏਅਰਕਰਾਫਟ ਐਕਟ ਦੀਆਂ ਧਾਰਾਵਾਂ 10, 11 ਤੇ 12 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।