ਘਰ ਦੀ ਛੱਤ ਤੋਂ ਸ਼ੁਰੂ ਹੋ ਸਕਦੀ ਹੈ ਜੀਵ ਦਇਆ ਦੀ ਵੱਡੀ ਮੁਹਿੰਮ
ਪਾਣੀ ਦੀ ਇਕ ਕਟੋਰੀ ਬਣ ਸਕਦੀ ਹੈ ਬੇਜ਼ੁਬਾਨਾਂ ਦੀ ਜ਼ਿੰਦਗੀ ਦੀ ਡੋਰ
Publish Date: Wed, 22 Apr 2026 03:32 PM (IST)
Updated Date: Wed, 22 Apr 2026 03:34 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਗਰਮੀ ਦੇ ਮੌਸਮ ਵਿਚ ਤਾਪਮਾਨ ਲਗਾਤਾਰ ਵਧਣ ਨਾਲ ਜਿੱਥੇ ਮਨੁੱਖ ਪ੍ਰਭਾਵਿਤ ਹੁੰਦੇ ਹਨ, ਉੱਥੇ ਬੇਜ਼ੁਬਾਨ ਪੰਛੀਆਂ ਲਈ ਇਹ ਸਮਾਂ ਸਭ ਤੋਂ ਵੱਡੀ ਅਜ਼ਮਾਇਸ਼ ਬਣ ਜਾਂਦਾ ਹੈ। ਤਪਦੀ ਧੁੱਪ ਅਤੇ ਘੱਟਦੇ ਕੁਦਰਤੀ ਸਰੋਤਾਂ ਕਾਰਨ ਪੰਛੀਆਂ ਨੂੰ ਪਾਣੀ ਅਤੇ ਖੁਰਾਕ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਵੇਦਨਸ਼ੀਲ ਮਾਮਲੇ ’ਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਕਜੁੱਟ ਹੋ ਕੇ ਪੰਛੀਆਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਸਭ ਨੇ ਇਕਸੁਰ ਹੋ ਕੇ ਅਪੀਲ ਕੀਤੀ ਕਿ ਹਰ ਘਰ ਦੀ ਛੱਤ, ਬਾਲਕੋਨੀ ਜਾਂ ਖੁੱਲ੍ਹੀ ਥਾਂ ’ਤੇ ਪਾਣੀ ਅਤੇ ਦਾਣਿਆਂ ਦੇ ਕਟੋਰੇ ਜ਼ਰੂਰ ਰੱਖੇ ਜਾਣ, ਤਾਂ ਜੋ ਤਪਦੀ ਗਰਮੀ ਵਿਚ ਪੰਛੀਆਂ ਨੂੰ ਜੀਵਨ ਦੀ ਰਾਹਤ ਮਿਲ ਸਕੇ। .................. ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਗਰਮੀ ਦੌਰਾਨ ਪਾਣੀ ਦੀ ਕਮੀ ਪੰਛੀਆਂ ਲਈ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਦਰੱਖਤਾਂ ਦੀ ਘੱਟਦੀ ਗਿਣਤੀ ਅਤੇ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਨੇ ਪੰਛੀਆਂ ਦੇ ਕੁਦਰਤੀ ਆਸਰੇ ਖਤਮ ਕਰ ਦਿੱਤੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਘਰ ਦੀ ਛੱਤ ਜਾਂ ਬਾਲਕੋਨੀ ਵਿਚ ਪਾਣੀ ਨਾਲ ਭਰਿਆ ਕਟੋਰਾ ਰੱਖੇ, ਜੋ ਪੰਛੀਆਂ ਲਈ ਜੀਵਨਦਾਇਕ ਸਾਬਤ ਹੋ ਸਕਦਾ ਹੈ। .................... ਵਾਤਾਵਰਨ ਪ੍ਰੇਮੀ ਅਤੇ ਸਾਹਿਤਕਾਰ ਗੁਰਚਰਨ ਨੂਰਪੁਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਸਿਰਫ਼ ਇਕ ਜ਼ਿੰਮੇਵਾਰੀ ਨਹੀਂ, ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਕ ਸਿਖਲਾਈ ਵੀ ਹੈ। ਉਨ੍ਹਾਂ ਦੇ ਕਿਹਾ ਕਿ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪ੍ਰਕਿਰਤੀ ਅਤੇ ਜੀਵਾਂ ਨਾਲ ਪਿਆਰ ਕਰਨਾ ਸਿਖਾਇਆ ਜਾਵੇ, ਤਾਂ ਉਹ ਭਵਿੱਖ ਵਿਚ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ। ਉਨ੍ਹਾਂ ਨੇ ਸਕੂਲਾਂ ਵਿੱਚ ਵੀ ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ..................... ਸਮਾਜ ਸੇਵੀ ਐੱਨਕੇ ਨਾਰੰਗ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਪਿੰਡਾਂ ਵਿੱਚ ਵੀ ਗਰਮੀ ਦੌਰਾਨ ਪਾਣੀ ਦੀ ਘਾਟ ਆਮ ਗੱਲ ਹੈ। ਖੇਤਾਂ ਵਿੱਚ ਕੰਮ ਕਰਦੇ ਹੋਏ ਉਹ ਅਕਸਰ ਵੇਖਦੇ ਹਨ ਕਿ ਪੰਛੀ ਪਾਣੀ ਦੀ ਖੋਜ ਵਿੱਚ ਭਟਕਦੇ ਫਿਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਹਰ ਕੋਈ ਆਪਣੇ ਘਰ ਜਾਂ ਖੇਤ ਦੇ ਨੇੜੇ ਪਾਣੀ ਦਾ ਪ੍ਰਬੰਧ ਕਰੇ, ਤਾਂ ਅਨੇਕਾਂ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ, ਜੋ ਇਕ ਵੱਡਾ ਪੁੰਨ ਦਾ ਕੰਮ ਹੈ। ............... ਸਮਾਜ ਸੇਵੀ ਰਘੁਬੀਰ ਸਿੰਘ ਬੋਬੀ ਨੇ ਕਿਹਾ ਕਿ ਬੇਸਹਾਰਾ ਜੀਵਾਂ ਦੀ ਮੱਦਦ ਕਰਨਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪਾਣੀ ਦੇ ਨਾਲ ਕੁਝ ਦਾਣਾ ਵੀ ਰੱਖਿਆ ਜਾਵੇ, ਤਾਂ ਜੋ ਪੰਛੀਆਂ ਨੂੰ ਦੋਹਰੀ ਰਾਹਤ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਉਹ ਖੁਦ ਵੀ ਇਸ ਵਿਚ ਹਿੱਸਾ ਲੈ ਰਹੇ ਹਨ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਲਈ ਉਤਸ਼ਾਹਿਤ ਕਰ ਰਹੇ ਹਨ। .................. ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਪੰਛੀਆਂ ਲਈ ਪਾਣੀ ਅਤੇ ਖੁਰਾਕ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਇਹ ਉਪਰਾਲਾ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਬਚਾਉਂਦਾ ਹੈ, ਸਗੋਂ ਸਾਡੇ ਅੰਦਰ ਦਇਆ ਅਤੇ ਸਹਾਨੁਭੂਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ।