ਬਸੰਤ ਦੀ ਖੁਸ਼ੀ ’ਤੇ ਖ਼ੂਨੀ ਸਾਇਆ
ਬਸੰਤ ਦੀ ਖੁਸ਼ੀ ’ਚ ਖੂਨੀ ਸਾਇਆ
Publish Date: Wed, 21 Jan 2026 06:44 PM (IST)
Updated Date: Wed, 21 Jan 2026 06:45 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਸੰਤ ਦੇ ਤਿਉਹਾਰ ਨੂੰ ਜਿੱਥੇ ਖੁਸ਼ੀਆਂ, ਰੰਗਾਂ ਅਤੇ ਉਤਸ਼ਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਚਾਈਨਾ ਡੋਰ ਨਾਲ ਹੋ ਰਹੀ ਪਤੰਗਬਾਜ਼ੀ ਇਸ ਖੁਸ਼ੀ ਨੂੰ ਖੂਨੀ ਦਹਿਸ਼ਤ ‘ਚ ਬਦਲ ਰਹੀ ਹੈ। ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਮਾਰਕੀਟਾਂ ’ਚ ਸ਼ਰੇਆਮ ਵਿਕ ਰਹੀ ਕੱਚ-ਲਪੇਟੀ ਚਾਈਨਾ ਡੋਰ ਰਾਹਗੀਰਾਂ, ਦੋ ਪਹੀਆ ਵਾਹਨ ਚਾਲਕਾਂ ਅਤੇ ਮਾਸੂਮ ਪਸ਼ੂ-ਪੰਛੀਆਂ ਲਈ ਮੌਤ ਦੀ ਤਾਰ ਬਣ ਚੁੱਕੀ ਹੈ। ਪ੍ਰਮੁੱਖ ਸਮਾਜਿਕ, ਧਾਰਮਿਕ ਅਤੇ ਸ਼ਿਖਿਆ ਸੰਸਥਾਵਾਂ ਦੇ ਅਗੂਆਂ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਇਸ ਖੂਨੀ ਡੋਰ ‘ਤੇ ਮੁਕੰਮਲ ਪਾਬੰਧੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਈ ਕੀਮਤੀ ਜ਼ਿੰਦਗੀਆਂ ਖ਼ਤਮ ਹੁੰਦੀਆਂ ਹਨ : ਨਵੀਨ ਸੱਚਦੇਵਾ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕਨਵੀਨਰ ਨਵੀਨ ਸੱਚਦੇਵਾ ਨੇ ਕਿਹਾ ਕਿ ਪਹਿਲਾਂ ਸੂਤੀ ਡੋਰ ਨਾਲ ਪਤੰਗਬਾਜ਼ੀ ਹੁੰਦੀ ਸੀ, ਪਰ ਹੁਣ ਚਾਈਨਾ ਡੋਰ ਮਨੁੱਖਤਾ ਲਈ ਕਾਲ ਬਣ ਗਈ ਹੈ। ਇਸ ਦੀ ਲਪੇਟ ’ਚ ਆ ਕੇ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਵੱਡੀ ਗਿਣਤੀ ‘ਚ ਪਸ਼ੂ-ਪੰਛੀ ਜ਼ਖ਼ਮੀ ਜਾਂ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਮਾਰਕੀਟ ‘ਚੋਂ ਇਸ ਡੋਰ ਦੀ ਆਮਦ ਖਤਮ ਨਹੀਂ ਹੁੰਦੀ, ਤਦ ਤੱਕ ਹਾਦਸੇ ਨਹੀਂ ਰੁਕਣਗੇ। ਮਾਪੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਰੋਕਣ : ਸਤਿੰਦਰ ਸੱਚਦੇਵਾ ਭਾਵਿਪ ਦੇ ਸਟੇਟ ਉਪ ਪ੍ਰਧਾਨ ਸਤਿੰਦਰ ਸੱਚਦੇਵਾ ਨੇ ਕਿਹਾ ਕਿ ਬਸੰਤ ਤੋਂ ਪਹਿਲਾਂ ਹੀ ਚਾਈਨਾ ਡੋਰ ਦੀ ਵਿਕਰੀ ਧੜੱਲੇ ਨਾਲ ਸ਼ੁਰੂ ਹੋ ਚੁੱਕੀ ਹੈ। ਚਾਈਨਾ ਡੋਰ ਨਾਲ ਅਨੇਕਾਂ ਲੋਕ ਅਤੇ ਪਸ਼ੂ ਪੰਛੀ ਇਸ ਦੀ ਲਪੇਟ ਚ ਆ ਕੇ ਗੰਭੀਰ ਰੂਪ ਚ ਜ਼ਖਮੀ ਹੋ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਇਸ ਡੋਰ ਤੋਂ ਦੂਰ ਰੱਖਣ ਅਤੇ ਨੁਕਸਾਨਾਂ ਬਾਰੇ ਜਾਗਰੂਕ ਕਰਨ। ਪ੍ਰਸ਼ਾਸਨ ਸਖ਼ਤ ਕਦਮ ਚੁੱਕੇ : ਓਮ ਪ੍ਰਕਾਸ਼ ਪੁਰੀ ਸ਼ਿਵ ਸ਼ਕਤੀ ਯੋਗ ਮਿਸ਼ਨ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਪੁਰੀ ਨੇ ਕਿਹਾ ਕਿ ਚਾਈਨਾ ਡੋਰ ਨੇ ਨਸ਼ੇ ਦਾ ਰੂਪ ਧਾਰਨ ਕਰ ਲਿਆ ਹੈ। ਰਾਹਗੀਰਾਂ ਨੂੰ ਹਰ ਪਲ ਖ਼ਤਰਾ ਹੈ। ਚਾਈਨਾ ਡੋਰ ਦੇ ਨਾਲ ਜਿਨਾਂ ਦੇ ਜੀਅ ਜ਼ਖਮੀ ਹੁੰਦੇ ਹਨ ਜਾਂ ਦੁਨੀਆਂ ਤੋਂ ਚਲੇ ਜਾਂਦੇ ਹਨ ਉਹਨਾਂ ਨੂੰ ਇਸ ਦਾ ਅਹਿਸਾਸ ਹੁੰਦਾ ਹੈ ਕਿ ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪੁਲਿਸ-ਪ੍ਰਸ਼ਾਸਨ ਨੂੰ ਇਸ ਦੇ ਖਾਤਮੇ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਚਿਹਰਾ ਢੱਕ ਕੇ, ਹੋਲੀ ਗਤੀ ਨਾਲ ਵਾਹਨ ਚਲਾਉਣ ਤਾਂ ਜੋ ਚਾਈਨਾ ਡੋਰ ਤੋਂ ਬਚ ਸਕਣ। ਬਸੰਤ ਦੇ ਤਿਉਹਾਰ ਦੇ ਦੌਰਾਨ ਇਹ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਰਵਾਇਤੀ ਡੋਰ ਨਾਲ ਪਤੰਗਬਾਜ਼ੀ ਕਰਨੀ ਚਾਹੀਦੀ : ਜਗਦੇਵ ਸ਼ਰਮਾ ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ ਨੇ ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਅਤੇ ਰਵਾਇਤੀ ਡੋਰ ਨਾਲ ਹੀ ਪਤੰਗ ਉਡਾਉਣ ਦੀ ਅਪੀਲ ਕੀਤੀ ਤਾਂ ਜੋ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਮਨੁੱਖ ਆਪਣੇ ਚਾਅ ਪੂਰੇ ਕਰਨ ਲਈ ਕਰਦਾ ਹੈ ਪਰ ਕਈ ਵਾਰ ਇਹ ਦੂਸਰਿਆਂ ਦੇ ਚਾਅ ਖੋਹ ਲੈਂਦੀ ਹੈ। ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਸੋਚ ਸਮਝ ਕੇ ਡੋਰ ਵੇਚਣੀ ਚਾਹੀਦੀ ਹੈ। ਚਾਈਨਾ ਡੋਰ ਦਾ ਵੱਧਦਾ ਰੁਝਾਨ ਖ਼ਤਰਨਾਕ : ਅਮਰੀਕ ਅਹੂਜਾ ਆਰਟ ਆਫ ਲਿਵਿੰਗ ਦੇ ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ ਨੇ ਕਿਹਾ ਕਿ ਹਰ ਸਾਲ ਕੀਮਤੀ ਜਿੰਦਗੀਆਂ ਅਤੇ ਮਾਸੂਮ ਪਸ਼ੂ-ਪੰਛੀ ਇਸ ਡੋਰ ਦਾ ਸ਼ਿਕਾਰ ਬਣਦੇ ਹਨ। ਇਹ ਨੈਤਿਕ ਫ਼ਰਜ਼ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ। ਇਸ ਡੋਰ ਨੂੰ ਸਮਾਜ਼ ਅੰਦਰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੀਦਾ ਹੈ। ਮਾਪੇ ਵੀ ਜਾਗਰੂਕ ਬਣਨ : ਡਾ. ਸੁਖਦੇਵ ਸਿੰਘ ਸੰਤ ਕਬੀਰ ਕਾਲਜ ਦੇ ਐਮ.ਡੀ. ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਵੀ ਇਹ ਡੋਰ ਸ਼ਰੇਆਮ ਵਿਕ ਰਹੀ ਹੈ। “ਪੰਜਾਬੀ ਜਾਗਰਣ” ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਦੇ ਬਾਵਜੂਦ ਕੁਝ ਲੋਕ ਅਜੇ ਵੀ ਇਸ ਦੀ ਖਰੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਵਿੱਚ ਪਤੰਗ ਫਸਣ ਕਾਰਨ ਵੀ ਹਾਦਸੇ ਵਾਪਰ ਰਹੇ ਹਨ। ਚਾਈਨਾ ਡੋਰ ਦੀ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ ਪੈ ਸਕੇ।