ਮੁੱਦਕੀ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ 7 ਰੋਜ਼ਾ ਸ੍ਰੀ ਭਾਗਵਤ ਕਥਾ ਸ਼ਰਧਾ ਪੂਰਵਕ ਸੰਪੰਨ
ਮੁੱਦਕੀ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ 7 ਰੋਜ਼ਾ ਸ੍ਰੀ ਭਾਗਵਤ ਕਥਾ ਸ਼ਰਧਾ ਪੂਰਵਕ ਸੰਪੰਨ
Publish Date: Sat, 21 Mar 2026 05:23 PM (IST)
Updated Date: Sat, 21 Mar 2026 05:25 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਸਥਾਨਕ ਲੁਹਾਮ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਪਿਛਲੇ ਇਕ ਹਫ਼ਤੇ ਤੋਂ ਚੱਲ ਰਿਹਾ ਅਧਿਆਤਮਿਕ ਪ੍ਰਵਾਹ ਅੱਜ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਗਰਗ ਪਰਿਵਾਰ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਮੰਦਿਰ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ ਸੱਤ ਰੋਜ਼ਾ ‘ਸ੍ਰੀ ਭਾਗਵਤ ਕਥਾ’ ਦੇ ਆਖਰੀ ਦਿਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਪਹੁੰਚੇ।ਜਾਣਕਾਰੀ ਦਿੰਦਿਆਂ ਮੰਦਿਰ ਦੇ ਪੰਡਤ ਗੋਵਿੰਦ ਰਾਮ ਨੇ ਦੱਸਿਆ ਕਿ ਇਸ ਪਵਿੱਤਰ ਸਮਾਗਮ ਦੌਰਾਨ ਵਰਿੰਦਾਵਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਡਤ ਘਨੱਈਆ ਜੀ ਨੇ ਆਪਣੀ ਰਸਭਿੰਨੀ ਆਵਾਜ਼ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਤੇ ਉਨ੍ਹਾਂ ਦੀਆਂ ਅਲੌਕਿਕ ਲੀਲ੍ਹਾਵਾਂ ਦਾ ਬਹੁਤ ਹੀ ਸੁੰਦਰ ਵਰਣਨ ਕੀਤਾ। ਕਥਾ ਦੇ ਦੌਰਾਨ ਕ੍ਰਿਸ਼ਨ ਜਨਮ ਨਾਲ ਸਬੰਧਤ ਮਨਮੋਹਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਸ਼ਰਧਾਲੂਆਂ ਨੇ ਭਗਵਾਨ ਦੇ ਭਜਨਾਂ ’ਤੇ ਝੂਮਦਿਆਂ ਆਪਣੀ ਹਾਜ਼ਰੀ ਲਗਵਾਈ। ਕਥਾ ਦੇ ਸੱਤਵੇਂ ਅਤੇ ਅੰਤਿਮ ਦਿਨ ਮੰਦਿਰ ਵਿਚ ਵਿਸ਼ੇਸ਼ ‘ਹਵਨ ਯੱਗ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਯਜਮਾਨਾਂ ਅਤੇ ਸ਼ਰਧਾਲੂਆਂ ਨੇ ਆਹੁਤੀਆਂ ਪਾ ਕੇ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕਥਾ ਦੇ ਭੋਗ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਸੇਵਾ ਮੁਕਤ ਐੱਸਈ ਬਿਜਲੀ ਬੋਰਡ ਦਵਿੰਦਰ ਕੁਮਾਰ ਗਰਗ, ਨਰਿੰਦਰ ਗਰਗ, ਸ਼ੀਤਲ ਅਗਰਵਾਲ, ਕਮਲ ਅਗਰਵਾਲ, ਪ੍ਰਭਾਤ ਅਗਰਵਾਲ ਨੇ ਸੇਵਾਵਾਂ ਨਿਭਾਈਆਂ। ਇਨ੍ਹਾਂ ਤੋਂ ਇਲਾਵਾ ਮੰਦਿਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਸਾਬਕਾ ਐੱਮਸੀ ਲੱਕੀ ਮਨਚੰਦਾ, ਲੱਕੀ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਦਰਸ਼ਨ ਲਾਲ ਜਿੰਦਲ, ਰਾਜੂ ਗਰਗ, ਪਵਨ ਗੋਇਲ, ਬਾਵਾ ਮਨਚੰਦਾ, ਬਲਦੇਵ ਸਿੰਘ ਚੰਦੜ, ਸਤੀਸ਼ ਅਗਰਵਾਲ, ਦੀਪਕ ਸ਼ਰਮਾ, ਪੁਸ਼ਪਿੰਦਰ ਅਰੋੜਾ, ਜੁਗਿੰਦਰ ਪਾਲ ਬਿੱਲੂ, ਮੰਗਤ ਰਾਮ ਮਨਚੰਦਾ, ਭਾਰਤ ਭੂਸ਼ਨ ਗੁਪਤਾ, ਰਾਮ ਅਗਰਵਾਲ, ਪੂਨਮ ਸਿੰਘ, ਬੱਬੂ ਭੈਲ, ਮਾਸਟਰ ਛਿੰਦਰ ਸਿੰਘ ਪੀਟੀ, ਪ੍ਰਿੰਸ ਗਰਗ, ਬਲਜੀਤ ਸਾਗਰ, ਸਾਬਕਾ ਐੱਮਸੀ ਤਰਨਦੀਪ ਰਾਜੂ, ਰਾਕੇਸ਼ ਅਗਰਵਾਲ, ਨਰੇਸ਼ ਅਗਰਵਾਲ, ਤਰਸੇਮ ਲਾਲ ਗਰਗ ਅਤੇ ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ। ਮੰਦਿਰ ਕਮੇਟੀ ਨੇ ਆਏ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਇਸ ਕਾਰਜ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।