ਸਮਾਜ ਸੇਵਾ ਲਈ ਅੱਗੇ ਆਉਣ ਵਿਦਿਆਰਥੀ : ਡਾ. ਅਰਨੇਜਾ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 7-ਰੋਜ਼ਾ ਐੱਨਐੱਸਐੱਸ ਕੈਂਪ ਦਾ ਆਗਾਜ਼
Publish Date: Tue, 10 Mar 2026 05:17 PM (IST)
Updated Date: Tue, 10 Mar 2026 05:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਸੀਵੀ ਰਮਨ ਹਾਲ ਵਿਖੇ ਸੱਤ-ਰੋਜ਼ਾ ਐੱਨਐੱਸਐੱਸ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਪੂਰੇ ਉਤਸ਼ਾਹ ਨਾਲ ਕੀਤੀ ਗਈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਅਰਨੇਜਾ ਨੇ ਸ਼ਮ੍ਹਾ ਰੌਸ਼ਨ ਕਰਕੇ ਇਸ ਕੈਂਪ ਦਾ ਉਦਘਾਟਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਅਰਨੇਜਾ ਨੇ ਕਿਹਾ ਕਿ ਐੱਨਐੱਸਐੱਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਮੈਂ ਨਹੀਂ, ਆਪਾਂ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿਤਾਬੀ ਗਿਆਨ ਦੇ ਨਾਲ-ਨਾਲ ਕਲਾਸਰੂਮ ਤੋਂ ਬਾਹਰ ਸਮਾਜਿਕ ਤਜ਼ਰਬੇ ਸਿੱਖਣਾ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀ ਵੱਲੋਂ ਗੋਦ ਲਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਅਨੁਭਵਾਂ ਤੋਂ ਸਿੱਖਣਾ ਦੇਸ਼ ਦੇ ਨਿਰਮਾਣ ਵਿਚ ਵੱਡਾ ਯੋਗਦਾਨ ਪਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐਡਵੋਕੇਟ ਕੋਨਿਕਾ ਯਾਦਵ ਨੇ ਵਿਦਿਆਰਥੀਆਂ ਨੂੰ ‘ਦਾਜ ਦੀ ਕੁਪ੍ਰਥਾ’ ਵਿਰੁੱਧ ਜਾਗਰੂਕ ਕੀਤਾ। ਉਨ੍ਹਾਂ ਸਰਲ ਸ਼ਬਦਾਂ ਵਿਚ ਸਮਝਾਇਆ ਕਿ ਕਾਨੂੰਨ ਦੀ ਨਜ਼ਰ ਵਿਚ ਦਾਜ ਲੈਣਾ ਅਤੇ ਦੇਣਾ, ਦੋਵੇਂ ਹੀ ਗੰਭੀਰ ਅਪਰਾਧ ਹਨ। ਨੌਜਵਾਨਾਂ ਨੂੰ ਆਪਣੀ ਸੋਚ ਬਦਲ ਕੇ ਆਤਮ-ਨਿਰਭਰ ਬਣਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਇਸ ਸਮਾਗਮ ਦੌਰਾਨ ਸਰਦਾਰ ਗੁਰਜੀਵਨ ਸਿੰਘ, ਜਸਵੀਰ ਸਿੰਘ ਗਰੋਵਰ, ਰਾਹੁਲ ਚੋਪੜਾ, ਪੀਆਰਓ ਯਸ਼ਪਾਲ ਅੰਗਰਾਲ ਅਤੇ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਪੂਰੇ ਪ੍ਰੋਗਰਾਮ ਦੀ ਜਾਣਕਾਰੀ ਏਪੀਆਰਓ ਰਾਣਾ ਹਰਪਿੰਦਰ ਪਾਲ ਸਿੰਘ ਵੱਲੋਂ ਸਾਂਝੀ ਕੀਤੀ ਗਈ।