ਰੇਲਵੇ ਸਟੇਡੀਅਮ ’ਚ ਡੀਆਰਐੱਮ ਸੰਜੀਵ ਕੁਮਾਰ ਨੇ ਲਹਿਰਾਇਆ ਤਿਰੰਗਾ
ਫਿਰੋਜ਼ਪੁਰ ਰੇਲਵੇ ਮੰਡਲ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ
Publish Date: Tue, 27 Jan 2026 04:29 PM (IST)
Updated Date: Tue, 27 Jan 2026 04:31 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਨਾਲ ਮਨਾਇਆ ਗਿਆ। ਇਸ ਮੌਕੇ ਰੇਲਵੇ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਝੰਡਾ ਲਹਿਰਾਉਣ ਤੋਂ ਬਾਅਦ ਸਮੂਹਿਕ ਤੌਰ ’ਤੇ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ‘ਗਾਰਡ ਆਫ ਆਨਰ’ ਦਿੰਦੇ ਹੋਏ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਮੰਡਲ ਰੇਲ ਪ੍ਰਬੰਧਕ ਨੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਫਿਰੋਜ਼ਪੁਰ ਮੰਡਲ ਦੀਆਂ ਅਹਿਮ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸਕਾਊਟ ਐਂਡ ਗਾਈਡ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਬੱਚਿਆਂ ਲਈ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਦੋਂਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚਕਾਰ ਹੋਇਆ ‘ਰੱਸਾ-ਕਸ਼ੀ’ ਦਾ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਜੇਤੂਆਂ ਨੂੰ ਡੀਆਰਐੱਮ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੀਤੇ ਗਏ ਸਮੂਹਿਕ ਗਾਇਨ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ ਵੱਲੋਂ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਮਰੀਜ਼ਾਂ ਨੂੰ ਫਲ ਵੰਡੇ ਗਏ।