‘ਆਪ’ ਦੇ 7 ਸੰਸਦ ਮੈਂਬਰਾਂ ਦਾ ਭਾਜਪਾ ’ਚ ਜਾਣਾ ਪਾਰਟੀ ਦੇ ਵਿਚਾਰਧਾਰਕ ਦੀਵਾਲੀਆਪਣ ਦਾ ਸਬੂਤ : ਬੰਗੜ
‘ਆਪ’ ਦੇ 7 ਸੰਸਦ ਮੈਂਬਰਾਂ ਦਾ ਭਾਜਪਾ ’ਚ ਜਾਣਾ ਪਾਰਟੀ ਦੇ ਵਿਚਾਰਧਾਰਕ ਦੀਵਾਲੀਆਪਣ ਦਾ ਸਬੂਤ: ਬਲਜੀਤ ਕੌਰ ਬੰਗੜ
Publish Date: Sat, 25 Apr 2026 04:53 PM (IST)
Updated Date: Sat, 25 Apr 2026 04:55 PM (IST)

- ਲੋਕਤੰਤਰ ਲਈ ਖ਼ਤਰਾ ਹੈ ‘ਆਪ੍ਰੇਸ਼ਨ ਲੋਟਸ’, ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ ਭਾਜਪਾ ਦਾ ਟਾਕਰਾ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਮ ਆਦਮੀ ਪਾਰਟੀ (ਆਪ) ਦੇ 7 ਸੰਸਦ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ। ਇਸ ਘਟਨਾਕ੍ਰਮ ’ਤੇ ਕਾਂਗਰਸ ਪਾਰਟੀ ਫਿਰੋਜ਼ਪੁਰ ਦੇ ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਬਲਜੀਤ ਕੌਰ ਬੰਗੜ ਨੇ ‘ਆਪ’ ਅਤੇ ਭਾਜਪਾ ਦੋਵਾਂ ’ਤੇ ਨਿਸ਼ਾਨਾ ਸਾਧਿਆ ਹੈ। ਬਲਜੀਤ ਕੌਰ ਬੰਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨਾਲ ‘ਬਦਲਾਅ’ ਦੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ। ਪਰ ਅੱਜ ਉਸ ਦੇ ਆਪਣੇ ਹੀ ਚੁਣੇ ਹੋਏ ਨੁਮਾਇੰਦੇ ਪਾਰਟੀ ਦਾ ਸਾਥ ਛੱਡ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਸਥਿਤੀ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਵਿਚਾਰਧਾਰਕ ਤੌਰ ’ਤੇ ਪੂਰੀ ਤਰ੍ਹਾਂ ਦੀਵਾਲੀਆ ਹੋ ਚੁੱਕੀ ਹੈ। ਜਦੋਂ ਕਿਸੇ ਪਾਰਟੀ ਦੇ ਚੋਟੀ ਦੇ ਆਗੂਆਂ ਦਾ ਆਪਣੀ ਲੀਡਰਸ਼ਿਪ ਅਤੇ ਨੀਤੀਆਂ ’ਤੇ ਭਰੋਸਾ ਨਹੀਂ ਰਹਿੰਦਾ, ਤਾਂ ਉਹ ਪਾਰਟੀ ਜਨਤਾ ਦਾ ਵਿਸ਼ਵਾਸ ਕਿਵੇਂ ਜਿੱਤ ਸਕਦੀ ਹੈ? ਭਾਜਪਾ ’ਤੇ ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ‘ਆਪਰੇਸ਼ਨ ਲੋਟਸ’ ਚਲਾ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾ-ਧਮਕਾ ਕੇ ਜਾਂ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰਨਾ ਦੇਸ਼ ਦੇ ਸੰਵਿਧਾਨਿਕ ਢਾਂਚੇ ਲਈ ਇਕ ਵੱਡਾ ਖ਼ਤਰਾ ਹੈ। ਬੰਗੜ ਨੇ ਕਿਹਾ ਕਿ ਭਾਜਪਾ ਦੀਆਂ ਇਹ ਵੰਡਪਾਊ ਨੀਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾ ਰਹੀਆਂ। ਬਲਜੀਤ ਕੌਰ ਬੰਗੜ ਨੇ ਦਾਅਵਾ ਕੀਤਾ ਕਿ ਅੱਜ ਦੇ ਦੌਰ ਵਿਚ ਸਿਰਫ਼ ਕਾਂਗਰਸ ਪਾਰਟੀ ਹੀ ਅਜਿਹੀ ਸ਼ਕਤੀ ਹੈ ਜੋ ਭਾਜਪਾ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਡਟ ਕੇ ਲੜ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਮੌਕਾਪ੍ਰਸਤ’ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਪਛਾਣਨ ਅਤੇ ਦੇਸ਼ ਦੇ ਸੁਨਹਿਰੀ ਭਵਿੱਖ ਲਈ ਕਾਂਗਰਸ ਦਾ ਸਾਥ ਦੇਣ।