ਹੈਰੋਇਨ, ਡਰੱਗ ਮਨੀ, ਮੋਬਾਈਲ ਤੇ ਗੱਡੀ ਸਮੇਤ 5 ਗ੍ਰਿਫਤਾਰ
5 ਗ੍ਰਾਮ ਹੈਰੋਇਨ, 38 ਹਜ਼ਾਰ ਦੀ ਡਰੱਗ ਮਨੀ, 5 ਮੋਬਾਇਲ ਫੋਨ ਅਤੇ 1 ਗੱਡੀ ਸਮੇਤ 5 ਤਸਕਰ ਗ੍ਰਿਫਤਾਰ
Publish Date: Sat, 31 Jan 2026 04:37 PM (IST)
Updated Date: Sat, 31 Jan 2026 04:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ 5 ਗ੍ਰਾਮ ਹੈਰੋਇਨ, 38 ਹਜ਼ਾਰ ਦੀ ਡਰੱਗ ਮਨੀ, 5 ਮੋਬਾਇਲ ਫੋਨ ਅਤੇ 1 ਗੱਡੀ ਬਰੇਜਾ ਸਮੇਤ 5 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਪੁਲਿਸ ਨੇ ਉਕਤ ਤਸਕਰਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ, (ਨਾਨ ਕਮਰਸ਼ੀਅਲ) ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਲਈ ਸ਼ਹੀਦ ਭਗਤ ਸਿੰਘ ਸਮਾਧ ਪਾਸ ਮੌਜ਼ੂਦ ਸੀ ਤਾਂ ਬੀਐੱਸਐੱਫ ਦੇ ਜੀ ਬਰਾਂਚ ਦੇ ਕਰਮਚਾਰੀ ਨੇ ਉਸ ਪਾਸ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਖੰਨਾ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਧਰੇ, ਸੁਖਦੇਵ ਸਿੰਘ ਉਰਫ ਪੀਟਾ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਹਜ਼ਾਰਾ ਸਿੰਘ ਵਾਲਾ, ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕਾਲੇ ਕੇ ਹਿਠਾੜ ਅਤੇ ਸਰਬਜੋਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਕਾਲੇ ਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ ਜੋ ਬਾਰਡਰ ਪਾਰ ਤੋਂ ਹੈਰੋਇਨ ਮੰਗਵਾਉਂਦੇ ਹਨ ਤੇ ਭਾਰਤ ਵਿਚ ਵੇਚਦੇ ਹਨ। ਜਿਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਨਾਲ ਆਪਣੇ ਮੋਬਾਇਲ ਫੋਨਾਂ ਤੋਂ ਗੱਲਾਂਬਾਤਾਂ ਕਰਕੇ ਡਰੋਨ ਰਾਹੀਂ ਹੈਰੋਇਨ ਮੰਗਵਾਈ ਹੈ। ਜੋ ਹੁਣ ਵੀ ਚਾਰੇ ਜਣੇ 1 ਗੱਡੀ ਬਰੇਜਾ ਨੰਬਰ ਪੀਬੀ 40 ਏ 0281 ’ਤੇ ਸਵਾਰ ਹੋ ਕੇ ਬਾਰਡਰ ਏਰੀਆ ਜੱਲੋ ਕੇ ਮੋੜ ਪਾਸ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਦੀ ਤਾਕ ਵਿਚ ਘੁੰਮ ਫਿਰ ਰਹੇ ਹਨ। ਜੇਕਰ ਜੱਲੋਕੇ ਮੋੜ ਨਾਕਾਬੰਦੀ ਕੀਤੀ ਜਾਵੇ ਤਾਂ ਚਾਰੋਂ ਜਣੇ ਹੈਰੋਇਨ, ਡਰੱਗ ਮਨੀ, ਪਾਕਿਸਤਾਨ ਦੇ ਸਮੱਗਲਰਾਂ ਨਾਲ ਕੀਤੀਆਂ ਕਾਲਾਂ ਵਾਲੇ ਮੋਬਾਇਲ ਫੋਨਾਂ ਨਾਲ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਦੌਰਾਨੇ ਨਾਕਾਬੰਦੀ ਉਕਤਾਨ ਦੋਸ਼ੀਅਨ ਨੂੰ 5 ਗ੍ਰਾਮ ਹੈਰੋਇਨ, 38 ਹਜ਼ਾਰ ਰੁਪਏ ਡੀ ਡਰੱਗ ਮਨੀ, 5 ਮੋਬਾਇਲ ਫੋਨ ਅਤੇ 1 ਗੱਡੀ ਬਰੇਜਾ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।