15 ਗ੍ਰਾਮ ਹੈਰੋਇਨ ਸਮੇਤ 5 ਗ੍ਰਿਫ਼ਤਾਰ
15 ਗ੍ਰਾਮ ਹੈਰੋਇਨ ਸਮੇਤ 5 ਗ੍ਰਿਫਤਾਰ
Publish Date: Wed, 14 Jan 2026 03:49 PM (IST)
Updated Date: Wed, 14 Jan 2026 03:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ, ਮਖੂ : ਥਾਣਾ ਸਦਰ ਜ਼ੀਰਾ ਪੁਲਿਸ ਅਤੇ ਥਾਣਾ ਮਖੂ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇੱਕ ਔਰਤ ਸਮੇਤ 5 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ਵਿਚ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਮਲਸੀਆਂ ਤੋਂ ਥੋੜ੍ਹਾ ਪਿੱਛੇ ਸੀ ਤਾਂ ਸਾਹਮਣੇ ਤੋਂ ਦੋ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਅਤੇ ਜਗਸੀਰ ਸਿੰਘ ਉਰਫ ਜੱਗੂ ਪੁੱਤਰ ਸਵਰਨ ਸਿੰਘ ਵਾਸੀਅਨ ਮਲਸੀਆਂ ਪੈਦਲ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਤੇ ਉਨ੍ਹਾਂ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਤਲਵੰਡੀ ਜੱਲੇ ਖਾਂ ਤੋਂ ਥੋੜ੍ਹਾ ਪਿੱਛੇ ਸੀ ਤਾਂ ਸਾਹਮਣੇ ਤੋਂ ਦੋ ਨੌਜਵਾਨ ਅਮਨਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਰਟੋਲ ਬੇਟ ਅਤੇ ਗੁਰਦੇਵ ਸਿੰਘ ਉਰਫ ਬੇਲਾ ਪੁੱਤਰ ਸੁੱਚਾ ਸਿੰਘ ਵਾਸੀ ਟਿੱਬਾ ਬਸਤੀ ਪੈਦਲ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮਖੂ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁਰਾਣਾ ਮਖੂ ਸਟੇਡੀਅਮ ਪਾਸ ਪੁੱਜੀ ਤਾਂ ਇਕ ਔਰਤ ਰਵਿੰਦਰ ਕੌਰ ਪਤਨੀ ਜੋਰਾ ਸਿੰਘ ਵਾਸੀ ਪਿੰਡ ਖੰਨਾ ਗੇਟ ਅੱਗੇ ਖੜ੍ਹੀ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੀ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।