22 ਕਿੱਲੋ ਤੋਂ ਵੱਧ ਹੈਰੋਇਨ ਤੇ ਵਿਦੇਸ਼ੀ ਪਿਸਤੌਲਾਂ ਸਣੇ 4 ਤਸਕਰ ਕਾਬੂ
22 ਕਿੱਲੋ ਤੋਂ ਵੱਧ ਹੈਰੋਇਨ, ਵਿਦੇਸ਼ੀ ਪਿਸਤੌਲਾਂ ਸਮੇਤ 4 ਤਸਕਰ ਕਾਬੂ
Publish Date: Sat, 14 Feb 2026 07:47 PM (IST)
Updated Date: Sun, 15 Feb 2026 04:12 AM (IST)

- ਫਿਰੋਜ਼ਪੁਰ ਪੁਲਿਸ ਦਾ ਨਸ਼ਿਆਂ ਖ਼ਿਲਾਫ਼ ਵੱਡਾ ਐਕਸ਼ਨ - ਸੀਆਈਏ ਜ਼ੀਰਾ ਦੀ ਕਾਰਵਾਈ ਨਾਲ ਤਸਕਰੀ ਜਾਲ ’ਤੇ ਵੱਡਾ ਝਟਕਾ ਫੋਟੋ ਫਾਈਲ; 14 ਐਫਜੈਡਆਰ 16 ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੀਆਈਏ ਸਟਾਫ ਫਿਰੋਜ਼ਪੁਰ ਦੀ ਟੀਮ ਨੇ ਕਾਰਵਾਈ ਕਰਦਿਆਂ ਵੱਡੀ ਮਾਤਰਾ ’ਚ ਹੈਰੋਇਨ ਤੇ ਵਿਦੇਸ਼ੀ ਪਿਸਤੌਲਾਂ ਸਣੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਥਾਣਾ ਸੀਆਈਏ ਪੁਲਿਸ ਵੱਲੋਂ ਕੁੱਲ 22 ਕਿੱਲੋ ਤੋਂ ਵੱਧ ਹੈਰੋਇਨ, 2 ਵਿਦੇਸ਼ੀ ਪਿਸਤੌਲਾਂ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਰੇਂਜ਼ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸੀਆਈਏ ਸਟਾਫ ਜ਼ੀਰਾ ਦੇ ਇੰਚਾਰਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਤੇ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ’ਚ ਗਸ਼ਤ ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਖ਼ਾਸ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰ ਕੇ ਪਿੰਡ ਦੁਲਚੀ ਕੇ ਨੇੜੇ ਇਕ ਇੱਟਾਂ ਦੇ ਭੱਠੇ ਕੋਲੋਂ ਸ਼ੱਕੀ ਆਈ-20 ਕਾਰ (ਐੱਚਆਰ30-ਕਿਊ-3251) ਨੂੰ ਰੋਕਿਆ। ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 2 ਕਿੱਲੋ 717 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ ’ਤੇ ਹੀ ਚਾਰ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਪ੍ਰਤਾਪ ਸਿੰਘ ਵਾਸੀ ਕਿਲਚੇ, ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਅਰਨੀਵਾਲਾ (ਜ਼ਿਲ੍ਹਾ ਫਾਜ਼ਿਲਕਾ), ਮਲੂਕ ਸਿੰਘ ਵਾਸੀ ਗੰਢੂ ਕਿਲਚਾ ਤੇ ਕਿਰਨਦੀਪ ਸਿੰਘ ਉਰਫ਼ ਦੀਪ ਵਾਸੀ ਮੱਲਾਂਵਾਲਾ, ਹਾਲ ਅਬਾਦ (ਸ਼ਹੀਦ ਭਗਤ ਸਿੰਘ ਕਾਲੋਨੀ), ਫਿਰੋਜ਼ਪੁਰ ਵਜੋਂ ਹੋਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜ਼ੇਰੇ ਤਫਤੀਸ਼ ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਅਤਿ-ਆਧੁਨਿਕ ਗਲੌਕ ਪਿਸਤੌਲ, 2 ਮੈਗਜ਼ੀਨ, 9 ਐੱਮਐੱਮ ਦੇ ਰੌਂਦ, 4 ਮੋਬਾਈਲ ਫੋਨ ਤੇ ਤਸਕਰੀ ਲਈ ਵਰਤੀ ਜਾ ਰਹੀ ਕਾਰ ਵੀ ਜ਼ਬਤ ਕੀਤੀ ਗਈ। ਮਜੀਦ ਪੁੱਛਗਿੱਛ ਦੌਰਾਨ ਪ੍ਰਤਾਪ ਸਿੰਘ ਦੇ ਕਬੂਲਨਾਮੇ ਦੇ ਆਧਾਰ ’ਤੇ ਪੁਲਿਸ ਨੇ ਉਸ ਦੇ ਘਰ ਨਾਲ ਲੱਗਦੀ ਡੰਗਰਾਂ ਵਾਲੀ ਹਵੇਲੀ ’ਚ ਛਾਪੇਮਾਰੀ ਕਰ ਕੇ ਹੋਰ 19 ਕਿੱਲੋ 578 ਗ੍ਰਾਮ ਹੈਰੋਇਨ ਤੇ 2 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ ਕੁੱਲ ਬਰਾਮਦ ਹੈਰੋਇਨ ਦੀ ਮਾਤਰਾ 22 ਕਿੱਲੋ ਤੋਂ ਵੱਧ ਹੋ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਮੁਤਾਬਕ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਇਸ ਦੀ ਸਪਲਾਈ ਕਿਹੜੇ ਇਲਾਕਿਆਂ ’ਚ ਕੀਤੀ ਜਾਣੀ ਸੀ। ਪੁਲਿਸ ਅਨੁਸਾਰ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।